Skip to main content

Gee 98News

ਜੇਕਰ ਵਿਆਹੁਤਾ ਜੀਵਨ ‘ਚ ਲੰਮੇ ਸਮੇਂ ਤੋਂ ਤਣਾਅ ਹੋਵੇ ਤਾਂ ਪਤੀ ਦਾ ਕਿਸੇ ਹੋਰ ਔਰਤ ਨਾਲ ਰਹਿਣਾ ਗਲਤ ਨਹੀਂ-ਦਿੱਲੀ ਹਾਈਕੋਰਟ

ਚੰਡੀਗੜ੍ਹ, 16 ਸਤੰਬਰ-ਜੇਕਰ ਪਤੀ-ਪਤਨੀ ਆਪਸੀ ਝਗੜੇ ਦੌਰਾਨ ਲੰਬੇ ਸਮੇਂ ਤੋਂ ਵੱਖੋ ਵੱਖ ਰਹਿ ਰਹੇ ਹੋਣ ਅਤੇ ਦੋਵਾਂ ਦੇ ਤਲਾਕ ਦੀ ਪਟੀਸ਼ਨ ਸੁਣਵਾਈ ਅਧੀਨ ਹੋਵੇ ਅਤੇ ਦੋਹਾਂ ਦੇ ਮੁੜ ਇਕੱਠੇ ਹੋਣ ਦੀ ਕੋਈ ਸੰਭਾਵਨਾ ਨਾ ਹੋਵੇ, ਅਜਿਹੇ ਹਾਲਤਾਂ ਵਿੱਚ ਜੇਕਰ ਪਤੀ ਕਿਸੇ ਹੋਰ ਔਰਤ ਨਾਲ ਰਹਿਣ ਲੱਗ ਜਾਵੇ ਤਾਂ ਇਸਨੂੰ ਪਤਨੀ ਉੱਪਰ ਜ਼ੁਲਮ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ। ਇਹ ਵਿਚਾਰ ਦਿੱਲੀ ਹਾਈਕੋਰਟ ਨੇ ਇੱਕ ਪਤਨੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪ੍ਰਗਟ ਕੀਤੇ ਹਨ। ਜਿਸ ਜੋੜੇ ਦੀ ਦਿੱਲੀ ਹਾਈਕੋਰਟ ਨੇ ਸੁਣਵਾਈ ਕੀਤੀ ਉਹਨਾਂ ਦਾ ਵਿਆਹ 2003 ਵਿੱਚ ਹੋਇਆ ਸੀ ਪਰ 2005 ਤੋਂ ਦੋਵੇਂ ਵੱਖ ਵੱਖ ਰਹਿ ਰਹੇ ਹਨ । ਪਤੀ ਨੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ‘ਤੇ ਜ਼ੁਲਮ ਦੇ ਦੋਸ਼ ਲਗਾਏ ਅਤੇ ਦੂਜੇ ਪਾਸੇ ਪਤਨੀ ਨੇ ਆਪਣੇ ਸਹੁਰੇ ਪਰਿਵਾਰ ‘ਤੇ ਕੁੱਟਮਾਰ,ਦਾਜ ਤੇ ਜਬਰੀ ਗਰਭਪਾਤ ਦੇ ਦੋਸ਼ ਲਗਾਏ, ਭਾਵੇਂ ਕਿ ਇਸ ਜੋੜੇ ਦੇ ਦੋ ਬੇਟੇ ਪਹਿਲਾਂ ਵੀ ਹਨ। ਦਿੱਲੀ ਹਾਈਕੋਰਟ ਤੱਕ ਪੁੱਜੀ ਪਤਨੀ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਕਿਸੇ ਹੋਰ ਔਰਤ ਨਾਲ ਰਹਿੰਦਾ ਹੈ, ਜਦ ਕਿ ਉਨ੍ਹਾਂ ਦਾ ਤਲਾਕ ਨਹੀਂ ਹੋਇਆ ਹੈ। ਹਾਈ ਕੋਰਟ ਨੇ ਮੰਨਿਆ ਕਿ ਹਿੰਦੂ ਮੈਰਿਜ ਐਕਟ ਦੇ ਅਨੁਸਾਰ ਜੇਕਰ ਤਲਾਕ ਨਾ ਹੋਇਆ ਹੋਵੇ ਤਾਂ ਕਿਸੇ ਵੀ ਮਰਦ ਜਾਂ ਔਰਤ ਲਈ ਦੂਜਾ ਵਿਆਹ ਕਰਨਾ ਅਪਰਾਧ ਹੈ। ਪ੍ਰੰਤੂ ਤਲਾਕ ਨਾ ਹੋਣ ਦੀ ਸੂਰਤ ਵਿੱਚ ਵੀ ਜੇਕਰ ਦੋਵੇਂ ਜਣੇ ਲੰਬੇ ਸਮੇਂ ਤੋਂ ਵੱਖੋ ਵੱਖ ਰਹਿ ਰਹੇ ਹੋਣ ਅਤੇ ਦੁਬਾਰਾ ਮਿਲਣ ਦੀ ਕੋਈ ਸੰਭਾਵਨਾ ਨਾ ਹੋਵੇ ਅਤੇ ਪਤੀ ਕਿਸੇ ਦੂਜੀ ਔਰਤ ਨਾਲ ਰਹਿ ਰਿਹਾ ਹੋਵੇ ਤਾਂ ਅਜਿਹੀ ਸਥਿਤੀ ਨੂੰ ਪਤਨੀ ਉੱਪਰ ਜ਼ੁਲਮ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ। ਦੂਜੇ ਪਾਸੇ ਇਸ ਕੇਸ ਵਿੱਚ ਹਾਈਕੋਰਟ ਨੇ ਇਹ ਵੀ ਕਿਹਾ ਹੈ ਕਿ ਪਤੀ ਨੂੰ ਆਪਣੀ ਪਤਨੀ ਅਤੇ ਬੱਚਿਆਂ ਦਾ ਖਰਚਾ ਭੁਗਤਾਨ ਕਰਨਾ ਹੋਵੇਗਾ । ਹਾਈਕੋਰਟ ਨੇ ਹਿੰਦੂ ਮੈਰਿਜ ਐਕਟ 1955 ਦੀ ਧਾਰਾ 13 (1) (ਆਈਏ‌) ਤਹਿਤ ਬੇਰਹਿਮੀ ਦੇ ਅਧਾਰ ਤੇ ਆਪਣੇ ਪਤੀ ਨੂੰ ਤਲਾਕ ਦੇਣ ਦੇ ਪਰਿਵਾਰਕ ਅਦਾਲਤ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਇਸ ਔਰਤ ਦੀ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ।

error: Content is protected !!