Gee 98News

ਪੰਜਾਬ ਦੇ ਅੱਗ ਬੁਝਾਊ ਮਹਿਕਮੇ ਦੇ ਕੱਚੇ ਕਾਮਿਆਂ ਨੇ ਸਰਕਾਰ ਖ਼ਿਲਾਫ਼ ਕੱਢੀ ਰੋਸ ਦੀ ਅੱਗ, ਕਰ ਦਿੱਤੀ ਪੱਕੀ ਹੜਤਾਲ

ਬਰਨਾਲਾ,22 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਪੰਜਾਬ ਦੇ ਅੱਗ ਬੁਝਾਊ ਮਹਿਕਮੇ ਵਿੱਚ ਸੇਵਾਵਾਂ ਦੇ ਰਹੇ ਕੱਚੇ ਕਾਮਿਆਂ ਨੇ 23 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਹੜਤਾਲ ਰੂਪੀ ਅੱਗ ਬਾਲਣ ਦਾ ਐਲਾਨ ਕਰਕੇ ਸਰਕਾਰ ਲਈ ਸਿਰਦਰਦੀ ਖੜੀ ਕਰ ਦਿੱਤੀ ਹੈ। ਫਾਇਰ ਬਿ੍ਗੇਡ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ 1300 ਦੇ ਕਰੀਬ ਇਹ ਕੱਚੇ ਕਾਮੇ ਵਿਭਾਗ ਵਿੱਚ ਪੱਕੇ ਕਰਨ ਦੀ ਮੰਗ ਨੂੰ ਲੈ ਕੇ 23 ਅਕਤੂਬਰ ਨੂੰ ਮੁਹਾਲੀ ਨੇੜੇ ਦੇਸੂਮਾਜਰਾ ਵਿਖੇ ਪੂਰੀ ਵਰਦੀ ਸਮੇਤ ਪੱਕੇ ਧਰਨੇ ‘ਤੇ ਬੈਠਣ ਜਾ ਰਹੇ ਹਨ। ਤਿਉਹਾਰਾਂ ਦਾ ਸੀਜ਼ਨ ਸਿਰ ‘ਤੇ ਹੋਣ ਕਾਰਨ ਫਾਇਰ ਬਿ੍ਗੇਡ ਦੇ ਕੱਚੇ ਕਰਮਚਾਰੀਆਂ ਦਾ ਇਹ ਧਰਨਾ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਇਨ੍ਹਾਂ ਕੱਚੇ ਕਾਮਿਆਂ ਦੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਵਾਰ-ਵਾਰ ਲਾਰੇ ਲਗਾ ਕੇ ਵਕਤ ਲੰਘਾਇਆ ਜਾ ਰਿਹਾ ਹੈ ਅਤੇ ਉਹ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਾਂ। ਆਗੂਆਂ ਨੇ ਕਿਹਾ ਕਿ ਪੱਕਾ ਧਰਨਾ ਲਗਾਉਣ ਲਈ ਸਰਕਾਰ ਨੇ ਮਜ਼ਬੂਰ ਕੀਤਾ ਹੈ, ਇਸ ਲਈ ਤਿਉਹਾਰਾਂ ਦੇ ਸੀਜ਼ਨ ਵਿੱਚ ਅਗਜ਼ਨੀ ਦੀ ਕਿਸੇ ਘਟਨਾ ਕਾਰਨ ਜੇ ਕੋਈ ਨੁਕਸਾਨ ਹੋਵੇਗਾ, ਉਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਉਹਨਾਂ ਨੂੰ ਲਾਰੇ ਲਗਾ ਰਹੀ ਹੈ ਪ੍ਰੰਤੂ ਦੂਜੇ ਪਾਸੇ ਫਾਇਰ ਬਿ੍ਗੇਡ ਵਿੱਚ 1317 ਫਾਇਰਮੈਨਾਂ ਅਤੇ ਡਰਾਈਵਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕਰਕੇ ਪੱਕੀ ਭਰਤੀ ਕੀਤੀ ਜਾ ਰਹੀ ਹੈ ਅਤੇ ਉਨਾਂ ਦੀਆਂ ਕਈ ਸਾਲਾਂ ਦੀਆਂ ਸੇਵਾਵਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ “ਸਾਡੀ ਨੌਕਰੀ ਖ਼ਤਰੇ ਵਿੱਚ ਹੈ ਇਸ ਲਈ ਹੁਣ ਪੱਕੇ ਧਰਨੇ ‘ਤੇ ਬੈਠਣ ਜਾ ਰਹੇ ਹਾਂ” ।

error: Content is protected !!