Gee 98News

-ਮਾਮਲਾ…ਬਰਨਾਲਾ ਵਿਖੇ ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੀ ਮੌਤ ਸਬੰਧੀ ਕਬੱਡੀ ਖਿਡਾਰੀਆਂ ‘ਤੇ ਕੀਤੀ ਕਾਰਵਾਈ ਦਾ

ਬਰਨਾਲਾ,4 ਨਵੰਬਰ (ਨਿਰਮਲ ਸਿੰਘ ਪੰਡੋਰੀ)-ਪਿਛਲੇ ਦਿਨੀ ਬਰਨਾਲਾ ਵਿਖੇ ਚਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਅਤੇ ਇੱਕ ਹੋਟਲ ਮਾਲਕ ਦੇ ਵਿਚਕਾਰ ਹੋਏ ਝਗੜੇ ਸਮੇਂ ਮੌਕੇ ‘ਤੇ ਪੁੱਜੇ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਤੋਂ ਬਾਅਦ ਕਬੱਡੀ ਖਿਡਾਰੀਆਂ ‘ਤੇ ਕਤਲ ਦਾ ਮੁਕੱਦਮਾ ਦਰਜ ਕੀਤੇ ਜਾਣ ਅਤੇ ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮਾ ਦੀ ਗ੍ਰਿਫ਼ਤਾਰੀ ਦੀ ਕਹਾਣੀ ‘ਤੇ ਕਿੰਤੂ ਕਰਦੇ ਹੋਏ ਕਬੱਡੀ ਪ੍ਰੇਮੀਆਂ ਦਾ ਇੱਕ ਇਕੱਠ ਪਿੰਡ ਠੀਕਰੀਵਾਲਾ ਦੇ ਸਕੂਲ ਦੇ ਮੈਦਾਨ ਵਿੱਚ ਹੋਇਆ। ਇਸ ਮੌਕੇ ਕਬੱਡੀ ਖਿਡਾਰੀ ਪੰਮਾ ਠੀਕਰੀਵਾਲ ਦੇ ਭਰਾ ਹਰਬੰਸ ਸਿੰਘ, ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਰੁਪਿੰਦਰ ਜਲਾਲ, ਸਰਪੰਚ ਕਿਰਨਜੀਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਰਾਏਸਰ, ਸ਼੍ਰੋਮਣੀ ਅਕਾਲੀ ਦਲ ਦੇ ਮਹਿਲ ਕਲਾਂ ਤੋਂ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ, ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਪੀਏ ਗੁਰਜੰਟ ਸਿੰਘ ਕੱਟੂ,ਕਬੱਡੀ ਖਿਡਾਰੀ ਮੱਖਣ ਸਿੰਘ ਚੜਿੱਕ, ਗੁਰਪ੍ਰੀਤ ਸਿੰਘ ਬੇਰਕਲਾਂ, ਸੀਰਾ ਪਿੱਥੋਵਾਲਾ, ਭੂਰੀ ਧੌਲਾ, ਗੋਲਡੀ ਠੀਕਰੀਵਾਲ ਆਦਿ ਬੁਲਾਰਿਆਂ ਨੇ ਕਿਹਾ ਕਿ ਮੌਕੇ ‘ਤੇ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਣਾ ਅਫ਼ਸੋਸਨਾਕ ਹੈ ਅਤੇ ਇਸ ਸਬੰਧੀ ਲੱਗਭੱਗ ਹਰ ਵਿਅਕਤੀ ਦੁਖੀ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੈ।

ਬੁਲਾਰਿਆਂ ਨੇ ਕਿਹਾ ਕਿ ਫੜੇ ਗਏ ਕਬੱਡੀ ਖਿਡਾਰੀਆਂ ਦੇ ਹੱਕ ਵਿੱਚ ਇਹ ਇਕੱਠ ਵੀ ਮਰਹੂਮ ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੇ ਭੋਗ ਕਰਕੇ ਹੀ ਲੇਟ ਕੀਤਾ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਉਕਤ ਘਟਨਾ ਸਬੰਧੀ ਅਸਲ ਸੱਚਾਈ ਲੱਗਭੱਗ ਸਾਹਮਣੇ ਆ ਚੁੱਕੀ ਹੈ ਜਿਸ ਦੇ ਆਧਾਰ ‘ਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਨਿਰਪੱਖ ਪੜ੍ਹਤਾਲ ਕਰਨੀ ਚਾਹੀਦੀ ਹੈ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਮੌਕੇ ‘ਤੇ ਪੈਦਾ ਹੋਏ ਹਾਲਾਤ ਦੱਸ ਰਹੇ ਹਨ ਕਿ ਪੁਲਿਸ ਮੁਲਾਜ਼ਮ ਦੀ ਮੌਤ ਦੇ ਜ਼ਿੰਮੇਵਾਰ ਕਬੱਡੀ ਖਿਡਾਰੀ ਨਹੀਂ ਹਨ।‌ਦੂਜੇ ਪਾਸੇ ਕਬੱਡੀ ਖਿਡਾਰੀ ਪੰਮਾ ਠੀਕਰੀਵਾਲ ਦੇ ਭਰਾ ਹਰਬੰਸ ਸਿੰਘ ਨੇ ਦਾਅਵਾ ਕੀਤਾ ਕਿ ਪੰਮੇ ਨੂੰ ਧਨੌਲੇ ਦੇ ਹਸਪਤਾਲ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਹ ਘਟਨਾ ਤੋਂ ਬਾਅਦ ਉਥੇ ਦਾਖ਼ਲ ਹੋ ਗਿਆ ਸੀ । ਹਰਬੰਸ ਸਿੰਘ ਨੇ ਕਿਹਾ ਕਿ ਧਨੌਲੇ ਹਸਪਤਾਲ ਦਾ ਡੀਵੀਆਰ ਚੋਰੀ ਹੋ ਜਾਣ ਦੀ ਸਾਰੀ ਕਹਾਣੀ ਵੀ ਸ਼ੱਕੀ ਹੈ ਜਿਸ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਬੁਲਾਰਿਆਂ ਸਮੇਤ ਹਾਜ਼ਰ ਲੋਕਾਂ ਨੇ ਵੀ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ।

Gee98 Ads

ਬੁਲਾਰਿਆਂ ਨੇ ਕਿਹਾ ਕਿ ਉਹ ਇਸ ਸਾਰੇ ਮਾਮਲੇ ਨਾਲ ਜੁੜੇ ਤੱਥ ਇਕੱਠੇ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ, ਪੰਜਾਬ ਪੁਲਿਸ ਦੇ ਡੀਜੀਪੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲਿਆ ਜਾਵੇਗਾ। ਜਿਕਰਯੋਗ ਹੈ ਕਿ ਇਸ ਇਕੱਠ ਵਿੱਚ ਬੁਲਾਰਿਆਂ ਅਤੇ ਸ਼ਾਮਿਲ ਲੋਕਾਂ ਨੇ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਬਰਨਾਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖ਼ਿਲਾਫ਼ ਨਾਅਰੇਬਾਜ਼ੀ ਤੋਂ ਵੀ ਗੁਰੇਜ਼ ਕੀਤਾ, ਸਗੋਂ ਇੱਕ ਬੁਲਾਰਾ ਜਦੋਂ ਨਾਅਰਾ ਲਗਾਉਣ ਵੀ ਲੱਗਿਆ ਤਾਂ ਉਸ ਨੂੰ ਵੀ ਰੋਕ ਦਿੱਤਾ ਗਿਆ ਸਿਰਫ਼ ਕਬੱਡੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਇਕੱਠ ਦੇ ਮਕਸਦ ਵਜੋਂ ਹਾਜ਼ਰ ਲੋਕਾਂ ਨੇ ਮੰਗ ਕੀਤੀ ਕਿ ਸਾਰੇ ਕਬੱਡੀ ਖਿਡਾਰੀਆਂ ‘ਤੇ ਲਗਾਈ 302 ਦੀ ਧਾਰਾ ਹਟਾਈ ਜਾਵੇ ਅਤੇ ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮਾ ਠੀਕਰੀਵਾਲ ‘ਤੇ 307 ਅਤੇ ਹੋਰ ਧਰਾਵਾਂ ਰੱਦ ਕੀਤੀਆਂ ਜਾਣ। ਫੜੇ ਗਏ ਕਬੱਡੀ ਖਿਡਾਰੀਆਂ ਦੇ ਹੱਕ ਵਿੱਚ ਕੀਤੇ ਇਸ ਇਕੱਠ ਦਾ ਇੱਕ ਪਹਿਲੂ ਇਹ ਵੀ ਦੇਖਿਆ ਗਿਆ ਕਿ ਇਸ ਇਕੱਠ ਵਿੱਚ ਪਿੰਡ ਰਾਏਸਰ, ਠੀਕਰੀਵਾਲਾ, ਅਮਲਾਸਿੰਘਵਾਲਾ ਦੇ ਕੁਝ ਲੋਕਾਂ ਤੋਂ ਇਲਾਵਾ ਕਬੱਡੀ ਪ੍ਰੇਮੀ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।

Leave a Reply

Your email address will not be published. Required fields are marked *

error: Content is protected !!