Gee 98News

ਚੰਡੀਗੜ੍ਹ,13 ਨਵੰਬਰ-ਦਿੱਲੀ ਸਰਕਾਰ ਦੀ ਸ਼ਰਾਬ ਪਾਲਸੀ ਦੇ ਮਾਮਲੇ ਚ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ ‘ਚ ਬੰਦ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅਦਾਲਤ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਆਪਣੀ ਬਿਮਾਰ ਪਤਨੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ। ਮਨੀਸ਼ ਸਿਸੋਦੀਆ ਆਪਣੇ ਮਥੁਰਾ ਸਥਿਤ ਘਰ ਵਿਖੇ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਆਪਣੀ ਪਤਨੀ ਕੋਲ ਰਹੇ। ਇਸ ਦੌਰਾਨ ਸੁਰੱਖਿਆ ਵਜੋਂ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਮੁਲਾਕਾਤ ਤੋਂ ਬਾਅਦ ਜਦੋਂ ਸਿਸੋਦੀਆ ਜੇਲ੍ਹ ਲਈ ਰਵਾਨਾ ਹੋਏ ਤਾਂ ਉਨ੍ਹਾਂ ਦੀ ਪਤਨੀ ਭਾਵੁਕ ਹੋ ਗਈ ਜਿਸ ਤੋਂ ਬਾਅਦ ਮਨੀਸ਼ ਸਿਸੋਦੀਆ ਦੀਆਂ ਅੱਖਾਂ ‘ਚ ਵੀ ਹੰਝੂ ਆ ਗਏ ਅਤੇ ਦੋਵਾਂ ਨੇ ਇਕ-ਦੂਜੇ ਨੂੰ ਜੱਫ਼ੀ ਪਾ ਲਈ। ਦੂਜੇ ਪਾਸੇ ਮਨੀਸ਼ ਸਿਸੋਦੀਆ ਤੇ ਉਹਨਾਂ ਦੀ ਪਤਨੀ ਦੀ ਇਹ ਤਸਵੀਰ ਸ਼ੇਅਰ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।ਸ੍ਰੀ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਕਿ “ਇਹ ਤਸਵੀਰ ਬਹੁਤ ਦਰਦਨਾਕ ਹੈ। ਕੀ ਦੇਸ਼ ਦੇ ਗਰੀਬ ਬੱਚਿਆਂ ਨੂੰ ਆਸ ਦੀ ਕਿਰਨ ਜਗਾਉਣ ਵਾਲੇ ਵਿਅਕਤੀ ਨਾਲ ਅਜਿਹੀ ਬੇਇਨਸਾਫੀ ਕਰਨਾ ਸਹੀ ਹੈ” ? ਮੁੱਖ ਮੰਤਰੀ ਕੇਜਰੀਵਾਲ ਦੇ ਇਸ ਟਵੀਟ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰ ਹੋਰ ਨਾਰਾਜ਼ ਹੋ ਗਏ ਹਨ ਅਤੇ ਉਹ ਮਨੀਸ਼ ਸਿਸੋਦੀਆ ਦੀ ਤੁਰੰਤ ਰਿਹਾਈ ਦੀ ਮੰਗ ਕਰ ਰਹੇ ਹਨ। ਦਿੱਲੀ ਸਰਕਾਰ ਦੀ ਸ਼ਰਾਬ ਪਾਲਿਸੀ ਦੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਫਸੇ ਹੋਏ ਹਨ। ਈਡੀ ਨੇ ਕੇਜਰੀਵਾਲ ਨੂੰ ਵੀ ਇਸ ਮਾਮਲੇ ਵਿੱਚ ਬੁਲਾਇਆ ਹੋਇਆ ਹੈ। ਰਾਜਨੀਤਿਕ ਮਾਹਿਰਾਂ ਅਨੁਸਾਰ ਜਿਉਂ ਜਿਉਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਦਿੱਲੀ ਦੀ ਸਰਾਬ ਪਾਲਿਸੀ ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ।

Leave a Reply

Your email address will not be published. Required fields are marked *

error: Content is protected !!