Gee 98News

ਚੰਡੀਗੜ੍ਹ,13 ਨਵੰਬਰ-ਦੀਵਾਲੀ ਤੋਂ ਦੂਜੇ ਦਿਨ ਸਵੇਰੇ ਤੜਕਸਾਰ ਵਾਪਰੀ ਇੱਕ ਵੱਡੀ ਘਟਨਾ ਵਿੱਚ ਲੁਟੇਰਿਆਂ ਨੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਕ ਅਸ਼ੋਕ ਥਾਪਰ ਤੋਂ ਲੱਖਾਂ ਰੁਪਏ ਲੁੱਟ ਲਏ। ਸ੍ਰੀ ਅਸ਼ੋਕ ਥਾਪਰ ਆਪਣੀ ਪਟਾਕਿਆਂ ਦੀ ਦੁਕਾਨ ਤੋਂ ਆਪਣੇ ਸਾਲੇ ਦੇ ਪੋਤਰੇ ਨਾਲ ਸਕੂਟਰ ‘ਤੇ ਆਪਣੇ ਘਰ ਜਾ ਰਹੇ ਸਨ। ਲੁਧਿਆਣਾ ਦੇ ਚਾਂਦ ਸਿਨੇਮਾ ਰੋਡ ‘ਤੇ ਦਰੇਸੀ ਥਾਣੇ ਦੇ ਖੇਤਰ ‘ਚ ਸਵੇਰੇ ਸਾਢੇ ਕੁ ਤਿੰਨ ਵਜੇ ਦੇ ਕਰੀਬ ਦੋ ਮੋਟਰਸਾਈਕਲਾਂ ‘ਤੇ ਸਵਾਰ ਛੇ ਲੁਟੇਰਿਆਂ ਨੇ ਉਨਾਂ ਨੂੰ ਰੋਕਿਆ ਅਤੇ ਚਾਕੂ ਦੀ ਨੋਕ ‘ਤੇ ਪੈਸਿਆਂ ਵਾਲਾ ਥੈਲਾ ਖੋਹ ਕੇ ਫਰਾਰ ਹੋ ਗਏ। ਸ੍ਰੀ ਅਸ਼ੋਕ ਥਾਪਰ ਦੀ ਪਟਾਕਿਆਂ ਦੀ ਦੁਕਾਨ ਹੈ, ਜੋ ਪਟਾਕਿਆਂ ਦੀ ਸਾਰੀ ਕਲੈਕਸ਼ਨ ਲੈ ਕੇ ਆਪਣੇ ਘਰ ਜਾ ਰਹੇ ਸਨ, ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਕੋਲ ਤਿੰਨ ਤੋਂ ਪੰਜ ਲੱਖ ਰੁਪਏ ਦੀ ਲੁੱਟ ਹੋਈ ਹੈ। ਲੁੱਟ ਦੀ ਇਸ ਘਟਨਾ ਤੋਂ ਤੁਰੰਤ ਬਾਅਦ ਅਸ਼ੋਕ ਥਾਪਰ ਨੇ ਪੁਲਿਸ ਕਮਿਸ਼ਨਰ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ, ਇਸ ਦੌਰਾਨ ਥਾਪਰ ਪਰਿਵਾਰ ਦੇ ਮੈਂਬਰ ਅਤੇ ਕੁਝ ਹੋਰ ਲੋਕ ਮੌਕੇ ‘ਤੇ ਉਹਨਾਂ ਕੋਲ ਪੁੱਜੇ ਅਤੇ ਕਾਫੀ ਸਮੇਂ ਬਾਅਦ ਥਾਣਾ ਦਰੇਸੀ ਦੀ ਪੁਲਿਸ ਪਾਰਟੀ ਪੁੱਜੀ। ਅਸ਼ੋਕ ਥਾਪਰ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਪਟਾਕੇ ਵੇਚਣ ਦਾ ਕੰਮ ਕਰ ਰਹੇ ਹਨ ਅਜਿਹੀ ਵਾਰਦਾਤ ਉਹਨਾਂ ਨਾਲ ਕਦੇ ਵੀ ਨਹੀਂ ਵਾਪਰੀ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨਾਲ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ ਦੇ ਨਾਲ ਹੋਈ ਲੁੱਟ ਦੀ ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ। ਯਕੀਨਨ ! ਜੇਕਰ ਪੁਲਿਸ ਜਲਦੀ ਇਸ ਮਾਮਲੇ ਨੂੰ ਹੱਲ ਨਾ ਕਰ ਸਕੀ ਤਾਂ ਇਸ ਨਾਲ ਲੁਧਿਆਣਾ ਦੀ ਪੁਲਿਸ ਉੱਪਰ ਦਬਾਅ ਵਧੇਗਾ।

Leave a Reply

Your email address will not be published. Required fields are marked *

error: Content is protected !!