Skip to main content

Gee 98News

ਮਾਨਸਾ ਤੋਂ ਡੇਰਾ ਬਿਆਸ ਜਾ ਰਹੀ ਬੱਸ ਦਾ ਭਿਆਨਕ ਐਕਸੀਡੈਂਟ, ਡਰਾਈਵਰ ਦੀ ਮੌਤ ਅਤੇ ਕਈ ਸਵਾਰੀਆਂ ਜ਼ਖਮੀ

ਬਰਨਾਲਾ,26 ਨਵੰਬਰ (ਨਿਰਮਲ ਸਿੰਘ ਪੰਡੋਰੀ )-ਬਰਨਾਲਾ ਤੋਂ ਮਾਨਸਾ ਰੋਡ ‘ਤੇ ਧਨੌਲਾ ਖੁਰਦ ਅਤੇ ਧੌਲਾ ਦੇ ਵਿਚਕਾਰ ਮਾਨਸਾ ਤੋਂ ਡੇਰਾ ਬਿਆਸ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਦਾ ਐਕਸੀਡੈਂਟ ਹੋਣ ਦੀ ਖ਼ਬਰ ਹੈ। ਇਹ ਹਾਦਸਾ ਸਨਿੱਚਰਵਾਰ ਦੇਰ ਸ਼ਾਮ ਵਾਪਰਿਆ ਜਿਸ ਤੋਂ ਬਾਅਦ ਹਾਦਸੇ ਵਾਲੀ ਥਾਂ ‘ਤੇ ਅਫ਼ਰਾ -ਤਫਰੀ ਮੱਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਤੋਂ ਇੱਕ ਬੱਸ ਡੇਰਾ ਬਿਆਸ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੀ ਤਾਂ ਰਸਤੇ ਵਿੱਚ ਧੌਲਾ ਪਿੰਡ ਤੋਂ ਅੱਗੇ ਧਨੌਲਾ ਖੁਰਦ ਵਾਲੇ ਪਾਸੇ ਜੀਟੀ ਰੋਡ ‘ਤੇ ਪਿੱਛੇ ਤੋਂ ਛਟੀਆਂ ਦੀ ਭਰੀ ਹੋਈ ਟਰਾਲੀ ਨਾਲ ਟਕਰਾ ਗਈ, ਜਿਸ ਤੋਂ ਬਾਅਦ ਟਰਾਲੀ ਪਲਟ ਗਈ ਪਰ ਟਰੈਕਟਰ ਨਹੀਂ ਪਲਟਿਆ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਛਿਟੀਆਂ ਦੀ ਭਰੀ ਟਰਾਲੀ ਰੋਡ ਉੱਪਰ ਹੀ ਖੜੀ ਸੀ। ਜਿਸ ਦਾ ਬੱਸ ਡਰਾਈਵਰ ਨੂੰ ਪਤਾ ਨਾ ਲੱਗਿਆ ਕਿਉਂਕਿ ਟਰਾਲੀ ਦੇ ਪਿੱਛੇ ਕੋਈ ਰਿਫਲੈਕਟਰ ਵਗੈਰਾ ਨਹੀਂ ਲੱਗਿਆ ਹੋਇਆ ਸੀ ਅਤੇ ਬੱਸ ਵੀ ਅੱਗੇ ਇੱਕ ਮੋਟੇ ਦਰੱਖਤ ਨਾਲ ਜਾ ਟਕਰਾਈ। ਇਸ ਟੱਕਰ ਵਿੱਚ ਬੱਸ ਡਰਾਈਵਰ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਬੱਸ ਵਿੱਚ ਸਵਾਰ ਕਾਫੀ ਸਵਾਰੀਆਂ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਦੀ ਵੀ ਖ਼ਬਰ ਹੈ ਜਿਨਾਂ ਨੂੰ ਮੌਕੇ ‘ਤੇ ਪੁੱਜੇ ਲੋਕਾਂ ਨੇ ਐਂਬੂਲੈਂਸਾਂ ਤੇ ਆਪੋ ਆਪਣੇ ਵਾਹਨਾਂ ਰਾਹੀਂ ਸਿਵਲ ਹਸਪਤਾਲ ਬਰਨਾਲਾ ਪਹੁੰਚਦਾ ਕੀਤਾ। ਇਸ ਭਿਆਨਕ ਐਕਸੀਡੈਂਟ ਦੌਰਾਨ ਗੰਭੀਰ ਜ਼ਖਮੀ ਹੋਈਆਂ ਬੱਸ ਦੀਆਂ ਸਵਾਰੀਆਂ ਨੂੰ ਆਪਣੇ ਪ੍ਰਾਈਵੇਟ ਵਾਹਨਾਂ ਰਾਹੀਂ ਸਿਵਲ ਹਸਪਤਾਲ ਬਰਨਾਲਾ ਲਿਆਉਣ ਵਾਲੇ ਸਮਾਜ ਸੇਵੀ ਲੋਕਾਂ ਦੀਆਂ ਪ੍ਰਾਈਵੇਟ ਗੱਡੀਆਂ ਦੀ ਪਾਰਕਿੰਗ ਦੇ ਠੇਕੇਦਾਰ ਦੇ ਕਰਿੰਦਿਆਂ ਨੇ ਧੱਕੇ ਨਾਲ ਪਾਰਕਿੰਗ ਦੀ ਫੀਸ ਪਰਚੀ ਕੱਟ ਦਿੱਤੀ, ਜਿਸ ਦਾ ਲੋਕਾਂ ਨੇ ਮੌਕੇ ‘ਤੇ ਰੋਸ ਵੀ ਪ੍ਰਗਟ ਕੀਤਾ ਤੇ ਕਿਹਾ ਕਿ ਉਹ ਸਮਾਜ ਸੇਵਾ ਦੇ ਤੌਰ ‘ਤੇ ਆਪਣੀਆਂ ਪ੍ਰਾਈਵੇਟ ਗੱਡੀਆਂ ਵਿੱਚ ਜ਼ਖਮੀ ਸਵਾਰੀਆਂ ਨੂੰ ਹਸਪਤਾਲ ਲੈ ਕੇ ਆਏ ਹਨ, ਅਜਿਹੇ ਹਾਲਾਤਾਂ ਵਿੱਚ ਠੇਕੇਦਾਰ ਦੇ ਕਾਰਿੰਦਿਆਂ ਨੂੰ ਮਾਮਲੇ ਦੀ ਸੰਜੀਦਗੀ ਸਮਝਣੀ ਚਾਹੀਦੀ ਹੈ ।

error: Content is protected !!