Skip to main content

Gee 98News

ਹਰਿਆਣਾ ਹਾਕੀ ਗਵਰਨਿੰਗ ਬਾਡੀ ਦੀ ਚੋਣ ਦਾ ਰਾਹ ਪੱਧਰਾ,ਹਾਈਕੋਰਟ ਵੱਲੋਂ ਸ੍ਰੀ ਵਿਨੀਤ ਜਾਖੜ ਚੋਣ ਨਿਗਰਾਨ ਨਿਯੁਕਤ

ਚੰਡੀਗੜ੍ਹ, 01 ਦਸੰਬਰ-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਦੀ ਹਾਕੀ ਦੀ ਗਵਰਨਿੰਗ ਬਾਡੀ ਦੀਆਂ ਚੋਣਾਂ ਸੰਬੰਧੀ ਅੰਤਿਮ ਫੈਸਲਾ ਲੈਂਦੇ ਹੋਏ ਬਾਡੀ ਦੀਆਂ ਚੋਣਾਂ ਦਾ ਰਾਹ ਪੱਧਰਾ ਕਰ ਦਿੱਤਾ ਹੈ। ਮਾਨਯੋਗ ਹਾਈਕੋਰਟ ਇਸ ਮਾਮਲੇ ਵਿੱਚ ਇੱਕ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ ਜਿਸ ਦਾ ਹਾਈਕੋਰਟ ਨੇ ਨਿਪਟਾਰਾ ਕਰ ਦਿੱਤਾ ਹੈ । ਇਸ ਮਾਮਲੇ ਸਬੰਧੀ ਹਾਈਕੋਰਟ ਤੱਕ ਪੁੱਜੀਆਂ ਦੋਵੇਂ ਧਿਰਾਂ ਨੇ ਅਦਾਲਤ ਤੋਂ ਮੰਗ ਕੀਤੀ ਕਿ ਕਿਸੇ ਨਿਰਪੱਖ ਨਿਗਰਾਨ ਦੀ ਨਿਗਰਾਨੀ ਹੇਠ ਹਾਕੀ ਦੀ ਗਵਰਨਿੰਗ ਬਾਡੀ ਦੀ ਚੋਣ ਪ੍ਰਕਿਰਿਆ ਮੁਕੰਮਲ ਕਰਵਾ ਲਈ ਜਾਵੇ, ਜਿਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਕਰ ਰਹੇ ਮਾਨਯੋਗ ਜਸਟਿਸ ਵਿਨੋਦ ਐਸ ਭਾਰਦਵਾਜ਼ ਨੇ ਸ੍ਰੀ ਵਿਨੀਤ ਕੁਮਾਰ ਜਾਖੜ ਨੂੰ ਹਰਿਆਣਾ ਹਾਕੀ ਗਵਰਨਿੰਗ ਬਾਡੀ ਦੀ ਚੋਣ ਕਰਵਾਉਣ ਦੀ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਨਿਰਪੱਖ ਨਿਗਰਾਨ ਨਿਯੁਕਤ ਕੀਤਾ। ਮਾਨਯੋਗ ਹਾਈਕੋਰਟ ਨੇ ਕਿਹਾ ਕਿ ਸ੍ਰੀ ਜਾਖੜ ਚੋਣਾਂ ਦੇ ਸੰਚਾਲਨ, ਸਮੁੱਚੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਅਤੇ ਇਸ ਦੌਰਾਨ ਜੇਕਰ ਕਿਸੇ ਧਿਰ ਵੱਲੋਂ ਕੋਈ ਇਤਰਾਜ਼ ਉਠਾਇਆ ਜਾਂਦਾ ਹੈ, ਸਬੰਧੀ ਵਿਸਥਾਰਤ ਰਿਪੋਰਟ ਵੀ ਤਿਆਰ ਕਰਨਗੇ। ਜ਼ਿਕਰਯੋਗ ਹੈ ਕਿ ਮਾਨਯੋਗ ਹਾਈਕੋਰਟ ਵਿੱਚ ਇਸ ਸਬੰਧੀ ਇੱਕ ਪਟੀਸ਼ਨ ਨਵੰਬਰ 2021 ਤੋਂ ਵਿਚਾਰ ਅਧੀਨ ਸੀ ਜਿਸ ਦਾ ਨਿਪਟਾਰਾ ਕਰਦੇ ਹੋਏ ਮਾਨਯੋਗ ਜਸਟਿਸ ਸ੍ਰੀ ਵਿਨੋਦ ਐਸ ਭਾਰਦਵਾਜ਼ ਨੇ 3 ਦਸੰਬਰ ਨੂੰ ਹਰਿਆਣਾ ਦੀ ਹਾਕੀ ਗਵਰਨਿੰਗ ਬਾਡੀ ਦੀ ਚੋਣ ਕਰਵਾਉਣ ਦੇ ਹੁਕਮ ਦੇ ਦਿੱਤੇ ਹਨ। ਮਾਨਯੋਗ ਅਦਾਲਤ ਵੱਲੋਂ ਚੋਣ ਨਿਗਰਾਨ ਸਬੰਧੀ ਦਿੱਤੇ ਫੈਸਲੇ ‘ਤੇ ਦੋਵੇਂ ਧਿਰਾਂ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ।

error: Content is protected !!