Gee 98News

ਚੰਡੀਗੜ੍ਹ, 02 ਦਸੰਬਰ-ਠੱਗੀ ਦੀ ਮਨਸ਼ਾ ਨਾਲ ਬੈਂਕ ਵਿੱਚ ਨਕਲੀ ਗਹਿਣੇ ਦਿਖਾ ਕੇ ਲੱਖਾਂ ਰੁਪਏ ਦਾ ਲੋਨ ਲੈਣ ਦੀ ਯੋਜਨਾ ਬਣਾਉਂਦੀਆਂ ਤਿੰਨ ਚਲਾਕ ਔਰਤਾਂ ਮਿੰਟਾਂ ਸਕਿੰਟਾਂ ਵਿੱਚ ਜੇਲ੍ਹ ਵਿੱਚ ਪੁੱਜ ਗਈਆਂ।‌ਜਗਰਾਉਂ ਦੀ ਇੱਕ ਪ੍ਰਾਈਵੇਟ ਬੈਂਕ ਵਿੱਚ ਗੋਲਡ ਲੋਨ ਲੈਣ ਗਈਆਂ ਤਿੰਨ ਚਲਾਕ ਔਰਤਾਂ ਨੂੰ ਬੈਂਕ ਮੈਨੇਜਰ ਨੇ ਹੁਸ਼ਿਆਰੀ ਨਾਲ ਕਾਬੂ ਕੀਤਾ, ਜਿਹੜੀਆਂ ਕਿ ਨਕਲੀ ਸੋਨੇ ਦੇ ਗਹਿਣੇ ਲੈ ਕੇ ਐਚਡੀਐਫਸੀ ਬੈਂਕ ਤੋਂ ਲੋਨ ਲੈਣ ਗਈਆਂ ਸਨ। ਚਲਾਕ ਔਰਤਾਂ ਨੇ ਜਦ ਸੋਨੇ ਦੇ ਗਹਿਣੇ ਕੱਢ ਕੇ ਬੈਂਕ ਮੈਨੇਜਰ ਰਕੇਸ਼ ਜੈਨ ਨੂੰ ਦਿਖਾਏ ਅਤੇ ਲੋਨ ਲੈਣ ਲਈ ਕਿਹਾ ਤਾਂ ਮੈਨੇਜਰ ਨੇ ਮੌਕੇ ‘ਤੇ ਹੀ ਗਹਿਣਿਆਂ ਦੀ ਜਾਂਚ ਲਈ ਸੁਨਿਆਰ ਨੂੰ ਬੁਲਾਇਆ। ਇਸ ਦੌਰਾਨ ਸੁਨਿਆਰ ਨੂੰ ਸ਼ੱਕ ਹੋਇਆ ਕਿ ਗਹਿਣੇ ਅਸਲੀ ਨਹੀਂ ਹਨ ਜਿਸ ਤੋਂ ਬਾਅਦ ਗਹਿਣਿਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤਾਂ ਸੋਨੇ ਦੀਆਂ ਬਾਲੀਆਂ ਦਾ ਭਾਰ ਲੋੜ ਤੋਂ ਵੱਧ ਨਿਕਲਿਆ। ਇਹਨਾਂ ਔਰਤਾਂ ਕੋਲ ਸੋਨੇ ਦੀਆਂ ਬਾਲੀਆਂ ਨਾਲ ਸੋਨੇ ਦੀਆਂ ਮੁੰਦਰੀਆਂ ਵੀ ਸਨ। ਔਰਤਾਂ ਦੀ ਠੱਗੀ ਦੀ ਮਨਸ਼ਾ ਨੂੰ ਭਾਂਪ ਕੇ ਬੈਂਕ ਮੈਨੇਜਰ ਨੇ ਵੀ ਬੜੀ ਹੁਸ਼ਿਆਰੀ ਨਾਲ ਚਲਾਕ ਔਰਤਾਂ ਨੂੰ ਲੋਨ ਦੇ ਕਾਗਜ਼ ਪੱਤਰ ਭਰਨ ਲਈ ਕਿਹਾ ਤੇ ਆਪ ਪੁਲਿਸ ਨੂੰ ਫੋਨ ਕਰ ਦਿੱਤਾ। ‌ ਇਹਨਾਂ ਚਲਾਕ ਔਰਤਾਂ ਨੇ ਬੈਂਕ ਮੈਨੇਜਰ ਦੇ ਕਹਿਣ ‘ਤੇ ਲੋਨ ਦੇ ਫਾਰਮਾਂ ਦੇ ਨਾਲ ਆਪਣੇ ਕਾਗਜ਼ ਪੱਤਰ ਵੀ ਜਾਲੀ ਲਾ ਦਿੱਤੇ। ‌ ਬੈਂਕ ਮੈਨੇਜਰ ਦੇ ਬਲਾਉਣ ‘ਤੇ ਜਦੋਂ ਬੈਂਕ ਵਿੱਚ ਪੁਲਿਸ ਪੁੱਜੀ ਤਾਂ ਔਰਤਾਂ ਦੀ ਸਾਰੀ ਠੱਗੀ ਦੀ ਕਹਾਣੀ ਸਾਹਮਣੇ ਆ ਗਈ। ਪੁਲਿਸ ਨੇ ਤਿੰਨੇ ਚਲਾਕ ਔਰਤਾਂ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਵੀ ਲੈ ਲਿਆ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੈ। ਫੜੀਆਂ ਗਈਆਂ ਇਹਨਾਂ ਤਿੰਨਾਂ ਚਲਾਕ ਔਰਤਾਂ ਦੀ ਪਹਿਚਾਣ ਅਮਨਦੀਪ ਕੌਰ ਅਮਨ ਵਾਸੀ ਖੰਡੂਰ, ਛਿੰਦਰ ਕੌਰ ਛਿੰਦੋ ਵਾਸੀ ਘੁਬਾਇਆ ਅਤੇ ਸੰਤ ਕੌਰ ਵਾਸੀ ਤਲਵੰਡੀ ਦੇ ਰੂਪ ਵਿੱਚ ਹੋਈ ਹੈ ।‌ ਜਗਰਾਉਂ ਥਾਣਾ ਸਿਟੀ ਦੇ ਏਐਸਆਈ ਜੋਰਾਵਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਇਸ ਗਿਰੋਹ ਦੇ ਹੋਰ ਸਾਥੀਆਂ ਦਾ ਪਤਾ ਲਗਾਇਆ ਜਾ ਸਕੇ।

Leave a Reply

Your email address will not be published. Required fields are marked *

error: Content is protected !!