Gee 98News

ਜਾਵੋ ਨੀ ਅੜੀਓ ! ਕੋਈ ਕਹੋ…ਗੌਰਮਿੰਟ ਜੀ ਨੂੰ..ਐਧਰ ਵੀ ਗ਼ੌਰ ਕਰ ਲਵੇ..ਲੋਕ ਬਹੁਤ ਔਖ਼ੇ ਨੇ…..!

ਚੰਡੀਗੜ੍ਹ, 12 ਦਸੰਬਰ (ਨਿਰਮਲ ਸਿੰਘ ਪੰਡੋਰੀ)-ਪੰਜਾਬ ਦੇ ਮੁਲਾਜ਼ਮਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਸਰਕਾਰ ਦੇ ਖ਼ਿਲਾਫ਼ ਲਕੀਰ ਖਿੱਚ ਦਿੱਤੀ ਹੈ। ਸੂਬੇ ਦੇ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਟੇਟ ਮਨਿਸਟਰੀਅਲ ਸਟਾਫ਼ ਦੇ ਬੈਨਰ ਤਹਿਤ ਕਲਮ ਛੋੜ/ਕੰਪਿਊਟਰ ਬੰਦ ਹੜ੍ਹਤਾਲ ‘ਤੇ ਹਨ ਪ੍ਰੰਤੂ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਦਫ਼ਤਰਾਂ ਤੋਂ ਬਾਹਰ ਸੜਕਾਂ ‘ਤੇ ਆ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਦਾ ਐਲਾਨ ਕਰਦੇ ਹੋਏ ਦੋ ਦਿਨਾਂ ਦੀ ਸਮੂਹਿਕ ਛੁੱਟੀ ‘ਤੇ ਜਾਣ ਦਾ ਫੈਸਲਾ ਵੀ ਕਰ ਲਿਆ ਹੈ। ਸੂਬੇ ਦੇ ਮੁਲਾਜ਼ਮ 12 ਤੇ 13 ਦਸੰਬਰ ਨੂੰ ਰੋਸ ਪ੍ਰਦਰਸ਼ਨ ਕਰਨਗੇ ਅਤੇ 14 ਤੇ 15 ਦਸੰਬਰ ਨੂੰ ਸਾਰੇ ਮੁਲਾਜ਼ਮ ਸਮੂਹਿਕ ਛੁੱਟੀ ‘ਤੇ ਜਾਣਗੇ। ਸਾਰੇ ਮੁਲਾਜ਼ਮ 16 ਦਸੰਬਰ ਨੂੰ ਪੰਜਾਬ ਪੱਧਰੀ ਮੀਟਿੰਗ ਕਰਕੇ ਸਰਕਾਰ ਦੇ ਖ਼ਿਲਾਫ਼ ਅਗਲਾ ਐਕਸ਼ਨ ਉਲੀਕਣਗੇ। ਦੂਜੇ ਪਾਸੇ ਮੁਲਾਜ਼ਮਾਂ ਦੀ ਹੜ੍ਹਤਾਲ ਕਾਰਨ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ ਖ਼ੁਆਰੀ ਤੋਂ ਸਰਕਾਰ ਬਿਲਕੁਲ ਬੇਖ਼ਬਰ ਹੈ, ਜੇਕਰ ਦਫ਼ਤਰਾਂ ‘ਚ ਕੰਮ ਕਰਵਾਉਣ ਆਉਂਦੇ ਲੋਕਾਂ ਦੀ ਖੱਜਲ ਖ਼ੁਆਰੀ ਦੀ ਖ਼ਬਰ ਸਰਕਾਰ ਨੂੰ ਹੁੰਦੀ ਤਾਂ ਇਹ ਹੜ੍ਹਤਾਲ ਐਨੀ ਲੰਮੀ ਨਾ ਚਲਦੀ। ਮਹਿਲ ਕਲਾਂ ਨਾਲ ਸਬੰਧਿਤ ਇੱਕ NRI ਆਪਣੇ ਜ਼ਮੀਨੀ ਕੰਮਾਂ ਦੇ ਮਾਮਲੇ ‘ਚ ਸਪੈਸ਼ਲ ਵਿਦੇਸ਼ ਤੋਂ ਛੁੱਟੀ ਲੈ ਕੇ ਆਇਆ ਪ੍ਰੰਤੂ ਮੁਲਾਜ਼ਮਾਂ ਦੀ ਹੜ੍ਹਤਾਲ ਕਾਰਨ ਉਸ ਦਾ ਕੰਮ ਨਾ ਹੋ ਸਕਿਆ ਤੇ ਉਸ ਨੂੰ ਵਾਪਸ ਮੁੜਨਾ ਪਿਆ। ਇਹ ਇਕੋ ਮਿਸਾਲ ਹੈ, ਅਜਿਹੀਆਂ ਹੋਰ ਮਿਸਾਲਾਂ ਰੋਜ਼ਾਨਾ ਸਰਕਾਰੀ ਦਫ਼ਤਰਾਂ ਵਿੱਚ ਵੇਖਣ ਨੂੰ ਮਿਲਦੀਆਂ ਹਨ ਜਿੱਥੇ ਲੋਕ ਆਪਣਾ ਕੰਮ ਕਰਵਾਉਣ ਆਉਂਦੇ ਹਨ ਪਰੰਤੂ ਹੜ੍ਹਤਾਲ ਹੋਣ ਕਾਰਨ ਉਹਨਾਂ ਦੇ ਕੰਮ ਨਹੀਂ ਹੋ ਰਹੇ ਅਤੇ ਲੋਕ ਸਰਕਾਰ ਨੂੰ ਟਕੇ ਟਕੇ ਦੀਆਂ ਗੱਲਾਂ ਕਹਿੰਦੇ ਹੋਏ ਵਾਪਸ ਮੁੜਦੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇੱਕ ਪਾਸੇ “ਸਰਕਾਰ ਲੋਕਾਂ ਦੇ ਦੁਆਰ” ਯੋਜਨਾ ਸ਼ੁਰੂ ਕਰ ਰਹੀ ਹੈ ਪ੍ਰੰਤੂ ਦੂਜੇ ਪਾਸੇ ਮੁਲਾਜ਼ਮਾਂ ਦੀ ਹੜ੍ਹਤਾਲ ਕਾਰਨ ਪਿਛਲੇ ਲਗਭਗ ਡੇਢ ਮਹੀਨੇ ਤੋਂ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਦਾ ਕੋਈ ਕੰਮ ਕਾਰ ਨਹੀਂ ਹੋ ਰਿਹਾ। ਹੁਣ 14 ਤੇ 15 ਦਸੰਬਰ ਨੂੰ ਮੁਲਾਜ਼ਮਾਂ ਦੀ ਸਮੂਹਿਕ ਛੁੱਟੀ ਕਾਰਨ ਦਫ਼ਤਰ ਲਗਭਗ ਬੰਦ ਹੀ ਰਹਿਣਗੇ। ਪ੍ਰਸ਼ਾਸਕੀ ਹਲਕਿਆਂ ਵਿੱਚ ਵੀ ਇਸ ਗੱਲ ਦੀ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਮੁਲਾਜ਼ਮਾਂ ਨਾਲ ਸਿੱਧੇ ਤੌਰ ‘ਤੇ ਗੱਲ ਕਰਨ ਦੀ ਹਿੰਮਤ ਕਿਉਂ ਨਹੀਂ ਜੁਟਾ ਰਹੇ। ਸੂਤਰਾਂ ਅਨੁਸਾਰ “ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ” ਦੀ ਕਹਾਵਤ ਅਨੁਸਾਰ ਭਗਵੰਤ ਮਾਨ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਐਲਾਨ ਕਰਕੇ ਕਸੂਤੇ ਫਸ ਚੁੱਕੇ ਹਨ ਕਿਉਂਕਿ ਇਹ ਕੇਂਦਰ ਸਰਕਾਰ ਦੇ ਸਹਿਯੋਗ ਬਿਨਾਂ ਸੰਭਵ ਹੀ ਨਹੀਂ ਹੈ ਅਤੇ ਕੇਂਦਰ ਪੰਜਾਬ ਨੂੰ ਥੜ੍ਹੇ ‘ਤੇ ਨਹੀਂ ਚੜਨ ਦੇ ਰਿਹਾ । ਭਗਵੰਤ ਮਾਨ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਐਲਾਨ ਕਰਕੇ ਮੁਲਾਜ਼ਮਾਂ ਨੂੰ ਇਕ ਲੌਲੀਪੌਪ ਦਿੱਤਾ ਤੇ ਇਹ ਲੌਲੀਪੌਪ ਹੁਣ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ ਪ੍ਰੰਤੂ ਦੂਜੇ ਪਾਸੇ ਲੋਕਾਂ ਦੀ ਖੱਜਲ ਖੁਆਰੀ ਦੀ ਕਿਸੇ ਨੂੰ ਕੋਈ ਸਾਰ ਨਹੀਂ ਹੈ ਕਿਉਂਕਿ ਮੁਲਾਜ਼ਮ ਵਰਗ ਇਸ ਖੱਜਲ ਖੁਆਰੀ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਅਤੇ ਸਰਕਾਰ ਮੁਲਾਜ਼ਮਾਂ ਦੀ ਹੜ੍ਹਤਾਲ ਪ੍ਰਤੀ ਘੇਸਲ ਵੱਟੀ ਬੈਠੀ ਹੈ।

error: Content is protected !!