ਚੰਡੀਗੜ੍ਹ, 26 ਸਤੰਬਰ, Gee98 News service-
-ਬੈਂਕ ਕਰਮਚਾਰੀਆਂ ਦੀ 28 ਸਤੰਬਰ ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਹੜ੍ਹਤਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਨੇ ਬੈਂਕਾਂ ਵਿੱਚ ਕੰਮ ਕਰਨ ਲਈ ਦਿਨਾਂ ਦੀ ਗਿਣਤੀ 5 ਤੱਕ ਕਰਨ ਸਬੰਧੀ ਜਵਾਬ ਦੇ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਬੈਂਕਾਂ ਦੇ ਕਰਮਚਾਰੀਆਂ ਦੀਆਂ ਜਥੇਬੰਦੀਆਂ ਨਾਲ ਕਦੇ ਵੀ 5 ਦਿਨਾਂ ਦੇ ਵਰਕਿੰਗ ਸਮੇਂ ਦਾ ਵਾਅਦਾ ਨਹੀਂ ਕੀਤਾ ਗਿਆ। ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਇਹ ਕਰਮਚਾਰੀ ਯੂਨੀਅਨ ਦੀ ਇੱਕਤਰਫ਼ਾ ਮੰਗ ਹੈ ਅਤੇ ਇਸ ਉੱਪਰ ਤਨਖਾਹ ਰਿਵੀਜ਼ਨ ਦੀ ਗੱਲਬਾਤ ਦੇ ਦੌਰਾਨ ਵੀ ਕਦੇ ਕੋਈ ਚਰਚਾ ਨਹੀਂ ਹੋਈ। ਦੂਜੇ ਪਾਸੇ ਬੈਂਕਾਂ ਦੇ ਕਰਮਚਾਰੀ ਆਪਣੀ ਇਸ ਮੰਗ ‘ਤੇ ਅੜੇ ਹੋਏ ਹਨ ਅਤੇ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਹੜ੍ਹਤਾਲ ਕਰਨ ਸਬੰਧੀ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਸਰਕਾਰ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਮਨਜ਼ੂਰੀ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਪਬਲਿਕ ਸੈਕਟਰ ਤੇ ਖੇਤਰੀ ਗ੍ਰਾਮੀਣ ਬੈਂਕਾਂ ਨੂੰ 27 ਸਤੰਬਰ ਐਤਵਾਰ ਨੂੰ ਵੀ ਖੁੱਲੇ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਅਤੇ ਬੈਂਕਾਂ ਦੇ ਕਰਮਚਾਰੀਆਂ ਵਿਚਕਾਰ ਕਾਫ਼ੀ ਸਮੇਂ ਤੋਂ ਡੈਡਲਾੱਕ ਬਣਿਆ ਹੋਇਆ ਹੈ 11 ਸਤੰਬਰ ਨੂੰ ਬੈਂਕ ਕਰਮਚਾਰੀਆਂ ਨੇ ਇੱਕ ਦਿਨਾਂ ਦੀ ਹੜ੍ਹਤਾਲ ਕੀਤੀ ਸੀ ਅਤੇ ਹੁਣ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਹੜ੍ਹਤਾਲ ਕੀਤੀ ਜਾ ਰਹੀ ਹੈ। ਬੈਂਕ ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 26 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜ੍ਹਤਾਲ ਵੀ ਕੀਤੀ ਜਾ ਸਕਦੀ ਹੈ।
ਬੈਂਕ ਕਰਮਚਾਰੀਆਂ ਦੀ ਜਥੇਬੰਦੀ ਦਾ ਦਾਅਵਾ ਹੈ ਕਿ ਮਾਰਚ 2024 ‘ਚ ਬੈਂਕਾਂ ਦਾ ਮੈਨੇਜਮੈਂਟ ਸੰਭਾਲਣ ਵਾਲੀ ਸੰਸਥਾ ਨਾਲ 9 ਵੱਡੀਆਂ ਬੈਂਕ ਯੂਨੀਅਨਾਂ ਦੇ ਗਰੁੱਪ ਨਾਲ ਤਨਖਾਹ ਤੇ ਕੰਮ ਦੀਆਂ ਸ਼ਰਤਾਂ ਸਬੰਧੀ ਸਮਝੌਤਾ ਹੋਇਆ ਸੀ ਜਿਸ ਦੌਰਾਨ ਹਰ ਸ਼ਨਿੱਚਰਵਾਰ ਬੈਂਕ ਬੰਦ ਰੱਖਣ ਦੀ ਗੱਲਬਾਤ ‘ਤੇ ਸਹਿਮਤੀ ਬਣ ਗਈ ਸੀ ਪ੍ਰੰਤੂ ਦੂਜੇ ਪਾਸੇ ਸਰਕਾਰ ਨੇ ਇਸ ਸਮਝੌਤੇ ਤੋਂ ਨਾਂਹ ਕੀਤੀ ਹੈ। ਬੈਂਕ ਕਰਮਚਾਰੀਆਂ ਦੇ ਰੋਸ ਪ੍ਰਦਰਸ਼ਨ ਦਾ ਇੱਕ ਵੱਡਾ ਕਾਰਨ ਹਫਤੇ ਵਿੱਚ ਪੰਜ ਦਿਨ ਕੰਮ ਤੋਂ ਇਲਾਵਾ ਬੋਨਸ (PLI) ਦੇ ਨਿਯਮਾਂ ਸਬੰਧੀ ਵਿਵਾਦ ਵੀ ਹੈ। ਸਰਕਾਰ ਨੇ ਵੱਡੇ ਅਧਿਕਾਰੀਆਂ ਜਿਵੇਂ ਸਕੇਲ 4 ਅਤੇ ਉਸ ਤੋਂ ਉੱਪਰ ਦੇ ਅਫਸਰਾਂ ਲਈ ਬੋਨਸ ਦਾ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ। ਜਿਸ ਦੇ ਤਹਿਤ ਚੰਗਾ ਕੰਮ ਕਰਨ ਵਾਲੇ ਅਫ਼ਸਰਾਂ ਨੂੰ 365 ਦਿਨ ਦੀ ਬੇਸਿਕ ਤਨਖਾਹ ਤੇ ਬਰਾਬਰ ਇਨਸੈਂਟਿਵ ਜਾਂ ਬੋਨਸ ਮਿਲ ਸਕਦਾ ਹੈ। ਬੈਂਕ ਯੂਨੀਅਨਾਂ ਸਰਕਾਰ ਦੇ ਇਸ ਨਿਯਮ ਦਾ ਵੀ ਵਿਰੋਧ ਕਰ ਰਹੀਆਂ ਹਨ।ਜਿਕਰਯੋਗ ਹੈ ਕਿ ਬੈਂਕ ਕਰਮਚਾਰੀਆਂ ਦੀ ਹੜ੍ਹਤਾਲ ਵਿੱਚ ਦੇਸ਼ ਦੀਆਂ 7 ਵੱਡੀਆਂ ਬੈਂਕ ਕਰਮਚਾਰੀਆਂ ਦੀਆਂ ਯੂਨੀਅਨਾਂ ਸ਼ਾਮਿਲ ਹੋ ਰਹੀਆਂ ਹਨ ਜਿਸ ਨਾਲ ਲੱਗਭੱਗ 90 ਫੀਸਦੀ ਤੋਂ ਜ਼ਿਆਦਾ ਬੈਂਕ ਕਰਮਚਾਰੀ ਜੁੜੇ ਹੋਏ ਹਨ। ਬੈਂਕ ਯੂਨੀਅਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਕੰਮ ਦੇ 5 ਦਿਨ ਨਹੀਂ ਕਰਦੀ ਉਦੋਂ ਤੱਕ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਹੈ ਜਾਰੀ ਰਹੇਗਾ।
-ਹੜ੍ਹਤਾਲ ਦੌਰਾਨ ਇਹ ਸੇਵਾਵਾਂ ਬੰਦ/ਚਾਲੂ ਰਹਿਣਗੀਆਂ
ਬੈਂਕ ਕਰਮਚਾਰੀਆਂ ਦੀ ਹੜ੍ਹਤਾਲ ਦੌਰਾਨ ਚੈੱਕ ਕਲੀਅਰੈਂਸ, ਨਗਦੀ/ਜਮਾਂ ਕਰਵਾਉਣੀ ਅਤੇ ਬੈਂਕ ਵਿੱਚ ਜਾ ਕੇ ਕਿਸੇ ਵੀ ਤਰ੍ਹਾਂ ਦੇ ਦਸਤਾਵੇਜਾਂ ਨਾਲ ਜੁੜਿਆ ਕੰਮ ਕਰਵਾਉਣ ਸਬੰਧੀ ਸੇਵਾਵਾਂ ਬੰਦ ਰਹਿਣਗੀਆਂ ਜਦ ਕਿ ਏਟੀਐਮ, ਆਟੋਮੈਟਿਕ ਜਮਾਂ/ਨਕਦੀ ਸੇਵਾਵਾਂ ਤੋਂ ਇਲਾਵਾ UPI ਸੇਵਾਵਾਂ ਚਾਲੂ ਰਹਿਣਗੀਆਂ।