Gee 98News

ਬਾਜਵਾ ਦੀ ਸਿੱਧੂ ਨੂੰ ਨਸੀਹਤ : ਆਪਣਾ ਵੱਖਰਾ ਅਖਾੜਾ ਨਾ ਲਾਓ.. ਇਹ ਚੰਗੀ ਗੱਲ ਨਹੀਂ ਹੈ..ਲੋਕਾਂ ਨੇ ਚੰਗਾ ਰੁਤਬਾ ਦਿੱਤਾ,ਸੰਭਾਲ ਕੇ ਰੱਖੋ

ਚੰਡੀਗੜ੍ਹ,20 ਦਸੰਬਰ-ਪੰਜਾਬ ‘ਚ ਕਾਂਗਰਸੀ ਆਗੂਆਂ ਦਾ ਅੰਦਰੂਨੀ ਕਲੇਸ਼ ਫੇਰ ਸ਼ੁਰੂ ਹੋ ਗਿਆ ਹੈ, ਦੱਸ ਦੇਈਏ ਕਿ ਅਜਿਹਾ ਹੀ ਅੰਦਰੂਨੀ ਕਲੇਸ਼ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਾਹਮਣੇ ਆਇਆ ਸੀ ਜਿਸ ਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਸੂਬੇ ‘ਚ ਭੁਗਤਣਾ ਪਿਆ ਸੀ। ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹੁਣ ਫੇਰ ਪਾਰਟੀ ਦੇ ਸੀਨੀਅਰ ਆਗੂਆਂ ਦੇ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਪੰਜਾਬ ‘ਚ ਪਿਛਲੇ 25 ਸਾਲਾਂ ‘ਚ ਬਣੇ ਮੁੱਖ ਮੰਤਰੀਆਂ ਦੀ ਕਾਰਗੁਜ਼ਾਰੀ ‘ਤੇ ਟਿੱਪਣੀ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ‘ਤੇ ਚੰਗੇ ਰਗੜੇ ਲਾਏ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਦੇ ਅਜਿਹੇ ਹੀ ਤੇਵਰ ਸਨ ਜਦ ਉਹਨਾਂ ਨੇ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਦੇ ਖ਼ਿਲਾਫ਼ ਵੀ ਟਿੱਪਣੀਆਂ ਕੀਤੀਆਂ ਸਨ। ਉਸ ਵੇਲੇ ਨਵਜੋਤ ਸਿੰਘ ਸਿੱਧੂ ਦੀਆਂ ਇਹਨਾਂ ਟਿੱਪਣੀਆਂ ਦਾ ਪੰਜਾਬ ਦੇ ਲੋਕਾਂ ‘ਤੇ ਉਲਟ ਅਸਰ ਪਿਆ ਸੀ। ਸੋਸ਼ਲ ਮੀਡੀਆ ‘ਤੇ ਲੋਕ ਇਹ ਕਮੈਂਟ ਵੀ ਕਰਦੇ ਰਹੇ ਸਨ ਕਿ ” ਇਹ ਤਾਂ ਆਪਸ ਵਿੱਚ ਹੀ ਲੜੀ ਜਾਂਦੇ ਨੇ ਲੋਕਾਂ ਦਾ ਕੀ ਸੰਵਾਰ ਦੇਣਗੇ”। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਕਾਂਗਰਸ ਦੀ ਅੰਦਰੂਨੀ ਲੜਾਈ ਨੂੰ ਲੋਕਾਂ ਸਾਹਮਣੇ ਕੁਝ ਅਜਿਹੇ ਤਰੀਕੇ ਨਾਲ ਪੇਸ਼ ਕੀਤਾ ਸੀ ਕਿ “ਇਹ ਪੰਜਾਬ ਦਾ ਕੁਝ ਨਹੀਂ ਸੰਵਾਰ ਸਕਦੇ”। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਹੁਣ ਫਿਰ ਉਸੇ ਤਰ੍ਹਾਂ ਦੇ ਹਾਲਾਤ ਨਵਜੋਤ ਸਿੰਘ ਸਿੱਧੂ ਵੱਲੋਂ ਪੈਦਾ ਕੀਤੇ ਜਾ ਰਹੇ ਹਨ। ਸਿੱਧੂ ਦੇ ਰਵੱਈਏ ‘ਤੇ ਟਿੱਪਣੀ ਕਰਦੇ ਹੋਏ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਆਪਣਾ ਵੱਖਰਾ ਅਖਾੜਾ ਨਹੀਂ ਲਾਉਣਾ ਚਾਹੀਦਾ, ਇਹ ਚੰਗੀ ਗੱਲ ਨਹੀਂ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਿੱਧੂ ਨੂੰ ਚੰਗਾ ਰੁਤਬਾ ਦਿੱਤਾ ਹੈ ਉਸ ਨੂੰ ਸੰਭਾਲ ਕੇ ਰੱਖੇ, ਸਿਆਣਪ ਵਾਲੀਆਂ ਗੱਲਾਂ ਕਰੇ, ਦੋ ਦਿਨ ਬਾਅਦ ਕਾਂਗਰਸ ਨੇ ਪੰਜਾਬ ‘ਚ ਧਰਨੇ ਦੇਣੇ ਹਨ ਉੱਥੇ ਸਟੇਜ ‘ਤੇ ਆ ਕੇ ਆਪਣੇ ਵਿਚਾਰ ਰੱਖੇ। ਬਾਜਵਾ ਨੇ ਸਖ਼ਤ ਲਹਿਜ਼ੇ ਵਿੱਚ ਸਿੱਧੂ ਨੂੰ ਇਹ ਵੀ ਕਿਹਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀਆਂ ‘ਤੇ ਟਿੱਪਣੀ ਕਰਨ ਵਾਲੇ ਸਿੱਧੂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਦੀ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਕਾਂਗਰਸ 78 ਤੋਂ 18 ਸੀਟਾਂ ਤੱਕ ਸਿਮਟ ਗਈ। ਇੱਥੇ ਇਹ ਵੀ ਧਿਆਨ ਰਹੇ ਕਿ ਪੰਜਾਬ ਦੀ ਸਾਰੀ ਕਾਂਗਰਸ,ਆਮ ਆਦਮੀ ਪਾਰਟੀ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜਨ ਦੇ ਖ਼ਿਲਾਫ਼ ਹੈ ਪ੍ਰੰਤੂ ਇਹ ਨਵਜੋਤ ਸਿੰਘ ਸਿੱਧੂ ਹੀ ਹਨ ਜਿਹੜੇ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ ਦੇ ਹਾਮੀ ਹਨ। ਨਵਜੋਤ ਸਿੰਘ ਸਿੱਧੂ ਦੀ ਇਹ ਰਾਜਨੀਤੀ ਸਮਝ ਤੋਂ ਪਰ੍ਹੇ ਨਹੀਂ ਹੈ ਸਗੋਂ ਦਿਮਾਗ ‘ਤੇ ਥੋੜ੍ਹਾ ਜਿਹਾ ਬੋਝ ਪਾ ਕੇ ਸਿੱਧੂ ਦੀ ਰਾਜਨੀਤੀ ਸਮਝ ਆਉਂਦੀ ਹੈ ਅਤੇ ਪਾਰਟੀ ਦੇ ਸੀਨੀਅਰ ਆਗੂ ਅਤੇ ਘਾਗ ਸਿਆਸਤਦਾਨ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਦੀਆਂ ਟਿੱਪਣੀਆਂ ਸਮਝ ਕੇ ਹੀ ਆਪਣੀਆਂ ਟਿੱਪਣੀਆਂ ਕੀਤੀਆਂ ਹਨ। ਬਹਰਹਾਲ ! ਆਪਣੀ ਹੀ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਨਵਜੋਤ ਸਿੰਘ ਸਿੱਧੂ ਦਾ ਇਹ ਰਵੱਈਆ ਪੰਜਾਬ ‘ਚ ਕਾਂਗਰਸ ਲਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਲੇ ਹਾਲਾਤ ਹੀ ਪੈਦਾ ਕਰੇਗਾ ਕਿਉਂਕਿ ਨਵਜੋਤ ਸਿੱਧੂ ਦੇ ਬੁਲਾਰੇ ਸੁਰਿੰਦਰ ਡੱਲਾ ਵੱਲੋਂ ਬਾਜਵਾ ਦੀਆਂ ਟਿੱਪਣੀਆਂ ਦਾ ਜਵਾਬ ਬਾਜਵਾ ਦੀ ਭਾਸ਼ਾ ਵਿੱਚ ਹੀ ਦਿੱਤਾ ਗਿਆ ਹੈ।

error: Content is protected !!