ਬਰਨਾਲਾ,20 ਦਸੰਬਰ (ਨਿਰਮਲ ਸਿੰਘ ਪੰਡੋਰੀ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਮਜ਼ਬੂਤੀ ਲਈ ਪੰਜਾਬ ਕਾਂਗਰਸ ਕਮੇਟੀ ਨੇ ਆਪਣੇ ਹਲਕਾਵਾਈਜ਼ ਕੋਆਰਡੀਨੇਟਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਕਾਂਗਰਸ ਨੇ ਵਿਧਾਨ ਸਭਾ ਦੇ 117 ਹਲਕਿਆਂ ਲਈ ਪਾਰਟੀ ਦੇ ਸਰਗਰਮ ਆਗੂਆਂ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਬਰਨਾਲਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ‘ਚ ਬਰਨਾਲਾ ਹਲਕੇ ਲਈ ਇੰਦਰਜੀਤ ਗਰਗ, ਮਹਿਲ ਕਲਾਂ ਰਿਜ਼ਰਵ ਲਈ ਸਵਰਨ ਸਿੰਘ ਅਤੇ ਭਦੌੜ ਰਿਜ਼ਰਵ ਲਈ ਗੁਰਕੀਮਤ ਸਿੰਘ ਸਿੱਧੂ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸਰਗਰਮ ਆਗੂ ਗੁਰਮੇਲ ਸਿੰਘ ਮੌੜ ਨੂੰ ਸ਼ਤਰਾਣਾ ਵਿਧਾਨ ਸਭਾ ਹਲਕੇ ਦੇ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਸਮੁੱਚੀ ਟੀਮ ਨੇ ਗੁਰਮੇਲ ਸਿੰਘ ਮੌੜ ਦੀ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਮੌੜ ਨੂੰ ਵਧਾਈ ਦਿੱਤੀ ਅਤੇ ਉਚੇਚੇ ਤੌਰ ‘ਤੇ ਸਨਮਾਨ ਵੀ ਕੀਤਾ। ਗੁਰਮੇਲ ਸਿੰਘ ਮੌੜ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਕਾਂਗਰਸ ਵੱਲੋਂ ਦਿੱਤੇ ਵੱਖ-ਵੱਖ ਅਹੁਦਿਆਂ ‘ਤੇ ਮੌੜ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਹੈ। ਆਪਣੀ ਨਵੀਂ ਨਿਯੁਕਤੀ ‘ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪਹਿਲਾਂ ਦੀ ਤਨਦੇਹੀ ਨਾਲ ਨਿਭਾਉਣਗੇ।










