Skip to main content

Gee 98News

ਪਹਿਲਵਾਨਾਂ ਦੇ “ਰੋਸ ਦੇ ਘਸੁੰਨਾਂ” ਨੇ ਹਿਲਾ ਦਿੱਤੀ ਕੇਂਦਰ ਸਰਕਾਰ, ਭਾਰਤੀ ਕੁਸ਼ਤੀ ਸੰਘ ਦੀ ਨਵੀਂ ਚੋਣ ਰੱਦ

ਚੰਡੀਗੜ੍ਹ,24 ਦਸੰਬਰ- ਭਾਰਤੀ ਕੁਸ਼ਤੀ ਸੰਘ ਦੇ ਨਵੇਂ ਪ੍ਰਧਾਨ ਦੀ ਚੋਣ ਤੋਂ ਬਾਅਦ ਰੋਹ ਵਿੱਚ ਆਏ ਖਿਡਾਰੀਆਂ ਦੇ “ਪੰਚਾਂ” ਨੇ ਕੇਂਦਰ ਸਰਕਾਰ ਹਿਲਾ ਦਿੱਤੀ ਹੈ। ਖਿਡਾਰੀਆਂ ਵੱਲੋਂ ਪਦਮਸ੍ਰੀ ਤੱਕ ਦੇ ਐਵਾਰਡ ਵਾਪਸ ਕਰਨ ਕਰਕੇ ਦਬਾਅ ਵਿੱਚ ਆਈ ਕੇਂਦਰ ਸਰਕਾਰ ਨੇ ਭਾਰਤੀ ਕੁਸ਼ਤੀ ਸੰਘ ਦੀ ਨਵੀਂ ਚੁਣੀ ਕਮੇਟੀ ਨੂੰ ਭੰਗ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹੋਈ ਚੋਣ ਵਿੱਚ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਬ੍ਰਿਜਭੂਸ਼ਣ ਸਿੰਘ ਦੇ ਨਜ਼ਦੀਕੀ ਸੰਜੇ ਸਿੰਘ ਪ੍ਰਧਾਨ ਚੁਣੇ ਗਏ ਸਨ ਜਿਸ ਤੋਂ ਬਾਅਦ ਭਾਰਤੀ ਪਹਿਲਵਾਨਾਂ ਨੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਆਪਣੇ ਐਵਾਰਡ ਵਾਪਸ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਜਿਸ ਤਹਿਤ ਬਜਰੰਗ ਪੂਨੀਆ ਨੇ ਆਪਣਾ ਪਦਮਸ੍ਰੀ ਐਵਾਰਡ ਵਾਪਸ ਕਰ ਦਿੱਤਾ, ਇਸ ਤੋਂ ਬਾਅਦ ਹੋਰ ਪਹਿਲਵਾਨਾਂ ਨੇ ਵੀ ਆਪਣੇ ਐਵਾਰਡ ਵਾਪਸ ਕਰਨ ਦੀ ਗੱਲ ਕਹੀ ਸੀ। ਬਜਰੰਗ ਪੂਨੀਆ ਨੇ ਜਦ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰੰਤੂ ਉਸ ਨੂੰ ਮਿਲਣ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਬਜਰੰਗ ਪੂਨੀਆ ਨੇ ਆਪਣਾ ਪਦਮਸ੍ਰੀ ਐਵਾਰਡ ਫੁੱਟਪਾਥ ‘ਤੇ ਰੱਖ ਦਿੱਤਾ। ਬਜਰੰਗ ਪੂਨੀਆ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖਿਆ ਖੁੱਲਾ ਖ਼ਤ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਇਆ। ਬਜਰੰਗ ਪੂਨੀਆ ਦੇ ਇਸ ਖ਼ਤ ਦੀ ਇਬਾਰਤ ਨੇ ਵੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕੀਤਾ। ਬਜਰੰਗ ਪੁਨੀਆ ਨੇ ਆਪਣੇ ਖ਼ਤ ਵਿੱਚ ਉਸ ਫੋਟੋ ਦਾ ਜ਼ਿਕਰ ਵੀ ਕੀਤਾ ਜਿਹੜੀ ਫੋਟੋ ਸੰਜੇ ਸਿੰਘ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਬ੍ਰਿਜਭੂਸ਼ਣ ਸਿੰਘ ਦੇ ਗਲ ਵਿੱਚ ਹਾਰ ਪਾਏ ਹੋਏ ਹਨ। ਬਜਰੰਗ ਪੂਨੀਆ ਨੇ ਇਸ ਫੋਟੋ ‘ਤੇ ਟਿੱਪਣੀ ਕਰਦੇ ਹੋਏ ਆਪਣੇ ਖ਼ਤ ਵਿੱਚ ਲਿਖਿਆ ਸੀ ਕਿ “ਪ੍ਰਧਾਨ ਸੰਜੇ ਸਿੰਘ ਚੁਣਿਆ ਗਿਆ ਪਰੰਤੂ ਹਾਰ ਬ੍ਰਿਜਭੂਸ਼ਨ ਸਿੰਘ ਦੇ ਗਲ ਵਿੱਚ ਪਾਏ ਗਏ ਹਨ”, ਇਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਭਾਰਤੀ ਕੁਸ਼ਤੀ ਸੰਘ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਬਹਰਹਾਲ ! ਦੇਰ ਆਏ ਦਰੁਸਤ ਆਏ ਦੀ ਕਹਾਵਤ ਅਨੁਸਾਰ ਕੇਂਦਰ ਸਰਕਾਰ ਦਾ ਭਾਰਤੀ ਕੁਸ਼ਤੀ ਸੰਘ ਦੀ ਨਵੀਂ ਕਮੇਟੀ ਦੀ ਚੋਣ ਰੱਦ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਜਾਣਾ ਬਣਦਾ ਹੈ।

error: Content is protected !!