- ਹਿੰਦੂ ਸਮਾਜ 10 ਦਿਨਾਂ ਤੋਂ ਗਾਇਕ ਦੇ ਖ਼ਿਲਾਫ਼ ਕਰ ਰਿਹਾ ਰੋਸ ਪ੍ਰਦਰਸ਼ਨ
ਚੰਡੀਗੜ੍ਹ,24 ਦਸੰਬਰ-ਪੰਜਾਬੀ ਗਾਇਕ ਗੁਰਮਨ ਮਾਨ ਦੇ ਇੱਕ ਨਵੇਂ ਗੀਤ ਵਿੱਚ ਸ਼ਨੀਦੇਵ ਸੰਬੰਧੀ ਇਤਰਾਜ਼ਯੋਗ ਜ਼ਿਕਰ ਕੀਤੇ ਜਾਣ ਤੋਂ ਹਿੰਦੂ ਸਮਾਜ ਵਿੱਚ ਡਾਹਢਾ ਰੋਸ ਹੈ। ਗਾਇਕ ਗੁਰਮਨ ਮਾਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਨ ਨੂੰ ਲੈ ਕੇ ਲੁਧਿਆਣਾ ਵਿਖੇ ਕਈ ਦਿਨਾਂ ਤੋਂ ਹਿੰਦੂ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰੰਤੂ ਲੁਧਿਆਣੇ ਦੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਐਤਵਾਰ ਵੱਡੀ ਗਿਣਤੀ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਜਗਰਾਉਂ ਪੁਲ ‘ਤੇ ਇਕੱਠੇ ਹੋ ਕੇ ਧਰਨਾ ਦਿੱਤਾ। ਇਸ ਮੌਕੇ ਹਿੰਦੂ ਜਥੇਬੰਦੀ “ਹਿੰਦੂ ਤਖ਼ਤ’ ਦੇ ਇੱਕ ਮੈਂਬਰ ਨੇ ਇਥੋਂ ਤੱਕ ਧਮਕੀ ਦੇ ਦਿੱਤੀ ਕਿ ਜੇਕਰ ਲੁਧਿਆਣਾ ਪੁਲਿਸ ਨੇ ਗਾਇਕ ਗੁਰਮਨ ਮਾਨ ਦੇ ਖ਼ਿਲਾਫ਼ ਐਫਆਈਆਰ ਦਰਜ ਨਾ ਕੀਤੀ ਤਾਂ ਉਹ ਆਤਮਹੱਤਿਆ ਕਰ ਲਵੇਗਾ। ਇਸ ਮੌਕੇ ਹਿੰਦੂ ਤਖਤ ਦੇ ਉਪ ਪ੍ਰਚਾਰਕ ਰਿਸ਼ਭ ਕਨੌਜੀਆ ਨੇ ਕਿਹਾ ਕਿ ਪਿਛਲੇ 10 ਦਿਨਾਂ ਤੋਂ ਹਿੰਦੂ ਸਮਾਜ ਦੀਆਂ ਜਥੇਬੰਦੀਆਂ ਗਾਇਕ ਦੇ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕਰ ਰਹੀਆਂ ਹਨ ਪ੍ਰੰਤੂ ਪੁਲਿਸ ਨੇ ਇੱਕ ਵਾਰ ਵੀ ਗਾਇਕ ਨੂੰ ਪੁੱਛਗਿੱਛ ਲਈ ਨਹੀਂ ਬੁਲਾਇਆ ਤੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਇਸ ਗਾਇਕ ਨੇ ਸਸਤੀ ਸ਼ੋਹਰਤ ਦੇ ਲਈ ਸ਼ਨੀ ਦੇਵਤਾ ਦਾ ਆਪਣੇ ਗੀਤ ਵਿੱਚ ਜ਼ਿਕਰ ਇਤਰਾਜ਼ਯੋਗ ਤਰੀਕੇ ਨਾਲ ਕੀਤਾ ਹੈ ਜਿਸ ਨਾਲ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਗਾਇਕ ਦੇ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਹਿੰਦੂ ਸਮਾਜ ਵੱਡਾ ਸੰਘਰਸ਼ ਸ਼ੁਰੂ ਕਰੇਗਾ। ਜ਼ਿਕਰਯੋਗ ਹੈ ਕਿ ਗਾਇਕ ਗੁਰਮਨ ਮਾਨ ਨੇ ਆਪਣੇ ਇਸ ਗੀਤ ਵਿੱਚ ਸ਼ਨੀਦੇਵ ਦਾ ਜ਼ਿਕਰ ਤਾਂ ਇਤਰਾਜਯੋਗ ਤਰੀਕੇ ਨਾਲ ਕੀਤਾ ਹੀ ਹੈ ਬਲਕਿ ਉਸਨੇ ਆਪਣੇ ਇਸ ਗੀਤ ਵਿੱਚ ਹਥਿਆਰਾਂ ਨੂੰ ਵੀ ਪ੍ਰਮੋਟ ਕੀਤਾ ਅਤੇ ਨੰਗੇਜਵਾਦ ਦਾ ਪ੍ਰਦਰਸ਼ਨ ਵੀ ਕੀਤਾ ਹੈ, ਇਸ ਦੇ ਬਾਵਜੂਦ ਵੀ ਲੁਧਿਆਣਾ ਪੁਲਿਸ ਵੱਲੋਂ ਕਈ ਦਿਨ ਨ ਬੀਤਣ ਦੇ ਤੋਂ ਬਾਅਦ ਵੀ ਗਾਇਕ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਹੈਰਾਨੀ ਇਸ ਗੱਲ ਦੀ ਹੈ ਕਿ ਲੁਧਿਆਣਾ ਪੁਲਿਸ ਵੱਲੋਂ ਹਿੰਦੂ ਜਥੇਬੰਦੀਆਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਕਾਨੂੰਨ ਭੰਗ ਕੀਤਾ ਤਾਂ ਉਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਜਦਕਿ 10 ਦਿਨਾਂ ਤੋਂ ਹਿੰਦੂ ਜਥੇਬੰਦੀਆਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੀਆਂ ਹਨ । ਲੁਧਿਆਣਾ ਦੇ ਏਸੀਪੀ ਸੁਖਨਾਜ ਸਿੰਘ ਨੇ ਕਿਹਾ ਕਿ ਹਿੰਦੂ ਜਥੇਬੰਦੀਆਂ ਦੇ ਨੌਜਵਾਨ ਸਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਨ ਜੇਕਰ ਉਹਨਾਂ ਨੇ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਏਸੀਪੀ ਨੇ ਕਿਹਾ ਕਿ ਗਾਇਕ ਦੇ ਖਿਲਾਫ ਸ਼ਿਕਾਇਤਕਰਤਾਵਾਂ ਦੀ ਸਟੇਟਮੈਂਟ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਗਾਇਕ ਦੇ ਖ਼ਿਲਾਫ਼ ਕਾਰਵਾਈ ਕੀਤੇ ਜਾਣ ਸਬੰਧੀ ਏਸੀਪੀ ਦਾ ਪੱਖ ਹੈਰਾਨੀਜਨਕ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਗਾਇਕ ਦੇ ਇਸ ਗੀਤ ਵੀ ਵੀਡੀਓ ਵਿੱਚ ਸਾਫ ਤੌਰ ‘ਤੇ ਵੇਖਿਆ ਜਾ ਸਕਦਾ ਹੈ ਕਿ ਉਸਨੇ ਹਥਿਆਰਾਂ ਨੂੰ ਪ੍ਰਮੋਟ ਕੀਤਾ ਤੇ ਨੰਗੇਜ਼ਵਾਦ ਦਾ ਪ੍ਰਦਰਸ਼ਨ ਕੀਤਾ ਤੇ ਸ਼ਨੀ ਦੇਵ ਦਾ ਇਤਰਾਜ਼ਯੋਗ ਤਰੀਕੇ ਨਾਲ ਜ਼ਿਕਰ ਕੀਤਾ ਫਿਰ ਵੀ ਪਤਾ ਨਹੀਂ ਕਿ ਲੁਧਿਆਣਾ ਪੁਲਿਸ ਕਿਹੜੀ ਸਟੇਟਮੈਂਟ ਦੀ ਉਡੀਕ ਕਰ ਰਹੀ ਹੈ, ਜਦਕਿ ਗਾਇਕ ਗੁਰਮਨ ਮਾਨ ਦੇ ਇਸ ਗੀਤ ਦੀ ਵੀਡੀਓ ਤੋਂ ਵੱਡੀ ਹੋਰ ਕੋਈ ਸਟੇਟਮੈਂਟ ਹੋ ਹੀ ਨਹੀਂ ਸਕਦੀ।
ਫੋਟੋ ਕੈਪਸ਼ਨ-ਗਾਇਕ ਗੁਰਮਨ ਮਾਨ
error: Content is protected !!