Gee 98News

  • ਮੁੱਖ ਮੰਤਰੀ ਦੇ ਬਿਆਨ ਨੇ ਐਨਕਾਊਂਟਰ ਮੁਹਿੰਮ ਨੂੰ ਦਿੱਤੀ ਹੱਲਾਸ਼ੇਰੀ
    ਚੰਡੀਗੜ੍ਹ,25 ਦਸੰਬਰ-ਪੰਜਾਬ ‘ਚ ਗੈਂਗਸਟਰਾਂ ਖ਼ਿਲਾਫ਼ ਪੰਜਾਬ ਪੁਲਿਸ ਐਕਸ਼ਨ ਮੋਡ ਵਿੱਚ ਹੈ। ‌ ਨਵੰਬਰ ਮਹੀਨੇ ਦੇ ਆਖਰੀ ਹਫਤੇ ਲੁਧਿਆਣਾ ਦੇ ਇੱਕ ਵਪਾਰੀ ਨੂੰ ਅਗਵਾ ਕਰਕੇ ਗੋਲੀ ਮਾਰਨ ਵਾਲੇ ਦੋ ਗੈਂਗਸਟਰਾਂ ਦਾ ਐਨਕਾਉਂਟਰ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ ਖ਼ਿਲਾਫ਼ ਆਪਰੇਸ਼ਨ ਕਲੀਨ ਸ਼ੁਰੂ ਕੀਤਾ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹ ਚੇਤਾਵਨੀ ਦੇ ਚੁੱਕੇ ਹਨ ਕਿ ਇੱਕ ਜਗ੍ਹਾ ਤੋਂ ਲੁੱਟ ਖੋਹ ਕਰਨ ਵਾਲੇ ਦੂਜੇ ਚੌਂਕ ਤੱਕ ਨਹੀਂ ਜਾਣ ਦਿੱਤੇ ਜਾਣਗੇ, ਮੁੱਖ ਮੰਤਰੀ ਦੀ ਇਸ ਹੱਲਾਸ਼ੇਰੀ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸੂਬੇ ‘ਚ ਗੈਂਗਸਟਰਾਂ ਖ਼ਿਲਾਫ਼ ਸ਼ੁਰੂ ਕੀਤੀ ਐਨਕਾਊਂਟਰ ਮੁਹਿੰਮ ਵਿੱਚ ਹੋਰ ਤੇਜ਼ੀ ਆਈ ਹੈ। ਪੁਲਿਸ ਦੀ ਇਸ ਮੁਹਿੰਮ ਤੋਂ ਬਾਅਦ ਇਹਨਾਂ ਗੈਂਗਸਟਰਾਂ ਵਿੱਚ ਡਰ ਵੀ ਪੈਦਾ ਹੋ ਰਿਹਾ ਹੈ ਅਤੇ ਪੰਜਾਬ ‘ਚ ਖਤਰਨਾਕ ਗੈਂਗਸਟਰਾਂ ਦਾ ਨੈਟਵਰਕ ਟੁੱਟਣਾ ਸ਼ੁਰੂ ਹੋ ਗਿਆ ਹੈ। ਪਿਛਲੇ 20 ਕੁ ਦਿਨਾਂ ਦੇ ਵਿੱਚ ਪੰਜਾਬ ‘ਚ 14-15 ਕਰੀਬ ਪੁਲਿਸ ਮੁਕਾਬਲੇ ਗੈਂਗਸਟਰਾਂ ਨਾਲ ਹੋਏ ਜਿਨਾਂ ਵਿੱਚ ਤਿੰਨ ਖਤਰਨਾਕ ਗੈਂਗਸਟਰ ਮਾਰੇ ਗਏ ਅਤੇ 10 ਦੇ ਕਰੀਬ ਗੈਂਗਸਟਰ ਜ਼ਖਮੀ ਹੋਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ‘ਚ ਫਿਰੌਤੀ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਲੁੱਟਾਂ ਖੋਹਾਂ, ਚੋਰੀਆਂ, ਕਤਲੋਗਾਰਤ ਦੀਆਂ ਘਟਨਾਵਾਂ ਵੀ ਵਧੀਆਂ ਹਨ ਜਿਸ ਕਾਰਨ ਪੰਜਾਬ ਪੁਲਿਸ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਦਬਾਅ ਵਿੱਚ ਸੀ। ਸੂਤਰਾਂ ਅਨੁਸਾਰ ਲੁਧਿਆਣਾ ਵਿਖੇ ਵਪਾਰੀ ਸੰਭਵ ਜੈਨ ਨੂੰ ਅਗਵਾ ਕਰਨ ਤੋਂ ਬਾਅਦ ਫਿਰੌਤੀ ਲਈ ਗੋਲੀ ਮਾਰ ਕੇ ਸੁੱਟਣ ਵਾਲੀ ਘਟਨਾ ਦੇ ਕਾਰਨ ਪੰਜਾਬ ਪੁਲਿਸ ਦਬਾਅ ਵਿੱਚ ਸੀ ਜਿਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਗੈਂਗਸਟਰਾਂ ਅਤੇ ਬਦਮਾਸ਼ਾਂ ਦੇ ਖ਼ਿਲਾਫ਼ ਕਾਰਵਾਈ ਦੀ ਰਣਨੀਤੀ ਉਲੀਕੀ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਕਈ ਮੁਲਾਜ਼ਮਾਂ ਤੇ ਐਨਕਾਊਂਂਟਰ ਮਾਹਿਰਾਂ ਨੂੰ ਬੁਲੇਟ ਪਰੂਫ ਜੈਕਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਪੰਜਾਬ ਪੁਲਿਸ ਦੀ ਇਸ ਐਨਕਾਊਂਂਟਰ ਮੁਹਿੰਮ ਦੇ ਖ਼ਿਲਾਫ਼ ਜਿੱਥੇ ਕੁਝ ਲੋਕਾਂ ਵੱਲੋਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ ਉੱਥੇ ਲੁਧਿਆਣਾ ਵਿਖੇ ਵਪਾਰੀ ਨੂੰ ਅਗਵਾ ਕਰਕੇ ਗੋਲੀ ਮਾਰਨ ਵਾਲੇ ਬਦਮਾਸ਼ਾਂ ਦੇ ਐਨਕਾਊਂਟਰ ਤੋਂ ਬਾਅਦ ਵਪਾਰੀਆਂ ਵੱਲੋਂ ਲੱਡੂ ਵੰਡੇ ਜਾਣ ਦੀ ਘਟਨਾ ਵੀ ਜ਼ਿਕਰਯੋਗ ਹੈ। ਸੂਤਰਾਂ ਅਨੁਸਾਰ ਪੰਜਾਬ ‘ਚ ਗੈਂਗਸਟਰਾਂ ਦੇ ਡਰ ਕਾਰਨ ਵਪਾਰੀਆਂ ਅਤੇ ਵੱਡੇ ਕਾਰੋਬਾਰੀਆਂ ਅਤੇ ਗਾਇਕੀ ਨਾਲ ਜੁੜੇ ਵੱਡੇ ਗਾਇਕਾਂ ਵੱਲੋਂ ਧਮਕੀਆਂ ਮਿਲਣ ਤੋਂ ਬਾਅਦ ਗੈਂਗਸਟਰਾਂ ਨੂੰ ਕਰੋੜਾਂ ਰੁਪਏ ਦੀਆਂ ਫਿਰੌਤੀਆਂ ਦਿੱਤੇ ਜਾਣ ਦੀ ਚਰਚਾ ਵੀ ਅਕਸਰ ਹੁੰਦੀ ਰਹਿੰਦੀ ਹੈ ਅਤੇ ਇਨ੍ਹਾਂ ਪੀੜ੍ਹਤਾਂ ਨੇ ਡਰਦੇ ਹੋਏ ਫਿਰੌਤੀਆਂ ਸਬੰਧੀ ਕਿਸੇ ਕੋਲ ਜ਼ਿਕਰ ਤੱਕ ਵੀ ਨਹੀਂ ਕੀਤਾ ਪ੍ਰੰਤੂ ਇਸ ਦੀ ਚਰਚਾ ਤੋਂ ਬਾਅਦ ਉੱਚ ਪੱਧਰੀ ਮੀਟਿੰਗ ਵਿੱਚ ਪੰਜਾਬ ਪੁਲਿਸ ਨੇ ਵਿਚਾਰ ਕਰਕੇ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ ਨੇ ਇਸ ਮੁਹਿੰਮ ਨੂੰ ਹੋਰ ਹੁਲਾਰਾ ਦਿੱਤਾ। ‌

Leave a Reply

Your email address will not be published. Required fields are marked *

error: Content is protected !!