Gee 98News

ਪ੍ਰੇਮੀ ਜੋੜੇ ਦਾ ਵਿਆਹ ਕਰਵਾਉਣ ਵਾਲੇ ਪੰਡਿਤ ਜੀ ਫਸ ਗਏ..ਹਾਈ ਕੋਰਟ ਨੇ ਐਸਐਸਪੀ ਨੂੰ ਕਿਹਾ…ਪੰਡਿਤ ਦੀ ਜਾਂਚ ਕਰੋ…!

ਚੰਡੀਗੜ੍ਹ,29 ਦਸੰਬਰ-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਘਰਦਿਆਂ ਦੀ ਮਰਜ਼ੀ ਦੇ ਉਲਟ ਪ੍ਰੇਮ ਵਿਆਹ ਕਰਵਾਉਣ ਵਾਲੇ ਇੱਕ ਪ੍ਰੇਮੀ ਜੋੜੇ ਵੱਲੋਂ ਸੁਰੱਖਿਆ ਲੈਣ ਸਬੰਧੀ ਪਾਈ ਪਟੀਸ਼ਨ ਦੀ ਸੁਣਵਾਈ ਦੌਰਾਨ ਵਿਆਹ ਕਰਵਾਉਣ ਵਾਲੇ ਪੰਡਿਤ ਨੂੰ ਰਾਡਾਰ ‘ਤੇ ਤੇ ਲੈ ਲਿਆ ਹੈ। ਪਟੀਸ਼ਨ ਦੇ ਨਾਲ ਨੱਥੀ ਵਿਆਹ ਸਬੰਧੀ ਦਸਤਾਵੇਜਾਂ ਦੀ ਪੜ੍ਹਤਾਲ ਕਰਦੇ ਹੋਏ ਮਾਨਯੋਗ ਹਾਈਕੋਰਟ ਦੇ ਜਸਟਿਸ ਸੰਦੀਪ ਮੌਦਗਿਲ‌‌ ਨੇ ਕਪੂਰਥਲਾ ਦੇ ਐਸਐਸਪੀ ਨੂੰ ਜੋੜੇ ਦਾ ਵਿਆਹ ਕਰਵਾਉਣ ਵਾਲੇ ਪੰਡਿਤ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ‌ਪ੍ਰੇਮੀ ਜੋੜੇ ਵੱਲੋਂ ਸੁਰੱਖਿਆ ਲਈ ਦਾਇਰ ਕੀਤੀ ਪਟੀਸ਼ਨ ਦੀ ਸੁਣਵਾਈ ਦੌਰਾਨ ਜਦੋਂ ਜਸਟਿਸ ਸੰਦੀਪ ਮੌਦਗਿਲ ਦੀ ਅਦਾਲਤ ਨੇ ਵਿਆਹ ਦੇ ਕਾਗਜ਼ ਅਤੇ ਫੋਟੋਆਂ ਦੇਖੀਆਂ ਤਾਂ ਸ਼ੱਕ ਹੋਇਆ ਕਿਉਂਕਿ ਵਿਆਹ ਦਾ ਸਰਟੀਫਿਕੇਟ ਬਿਨਾਂ ਤਾਰੀਕ ਦੇ ਜਾਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਲੜਕੀ ਹਾਲ ਹੀ ਵਿਚ ਬਾਲਗ ਹੋਈ ਸੀ। ਪਟੀਸ਼ਨ ਦੇ ਨਾਲ ਦਸਤਾਵੇਜਾਂ ਉੱਪਰ ਗਵਾਹਾਂ ਦੇ ਦਸਤਖ਼ਤ ਸਨ ਪਰ ਵਿਆਹ ਦੀ ਫੋਟੋ ਵਿਚ ਦੋਵੇਂ ਗਵਾਹ ਗੈਰਹਾਜ਼ਰ ਸਨ। ਅਦਾਲਤ ਨੇ ਪੁੱਛਿਆ ਕਿ ਫੋਟੋ ਵਿਚ ਦੋਵੇਂ ਗਵਾਹ ਕਿਉਂ ਨਹੀਂ ਸਨ, ਜਿਸ ਦਾ ਪਟੀਸ਼ਨਰ ਦੇ ਵਕੀਲ ਕੋਲ ਕੋਈ ਜਵਾਬ ਨਹੀਂ ਸੀ। ਹਾਈ ਕੋਰਟ ਨੇ ਕਪੂਰਥਲਾ ਦੇ ਐਸਐਸਪੀ ਨੂੰ ਇਹ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਕਿ ਕੀ ਪੁਜਾਰੀ ਸੁਭਾਸ਼ ਚੰਦਰ ਕਾਨੂੰਨੀ ਤੌਰ ‘ਤੇ ਵਿਆਹ ਕਰਵਾਉਣ ਅਤੇ ਸਰਟੀਫਿਕੇਟ ਜਾਰੀ ਕਰਨ ਲਈ ਅਧਿਕਾਰਤ ਹਨ। ਸੁਰੱਖਿਆ ਲਈ ਪਾਈ ਪਟੀਸ਼ਨ ‘ਚ ਜੋੜੇ ਨੇ ਕਿਹਾ ਕਿ ਉਹ ਇਕ-ਦੂਜੇ ਨੂੰ ਪਿਆਰ ਕਰਦੇ ਸਨ ਅਤੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ 21 ਦਸੰਬਰ ਨੂੰ ਵਿਆਹ ਕਰਵਾ ਲਿਆ ਸੀ, ਹੁਣ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਆਪਣੀ ਜਾਨ ਦਾ ਖ਼ਤਰਾ ਹੈ।

error: Content is protected !!