ਚੰਡੀਗੜ੍ਹ,17 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਸੈਕਟਰ 35 ਦੇ ਵਿੱਚ ਇੱਕ ਸਮਾਗਮ ਦੌਰਾਨ ਸੂਬੇ ਦੇ ਨੈਸ਼ਨਲ ਅਤੇ ਏਸ਼ੀਅਨ ਖੇਡਾਂ ਦੇ ਵਿਜੇਤਾ ਖਿਡਾਰੀਆਂ ਨੂੰ 33.85 ਕਰੋੜ ਦੇ ਨਗਦ ਇਨਾਮ ਦਿੱਤੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਦੇ ਬਰਾਬਰ ਕੋਚਾਂ ਨੂੰ ਵੀ 40 ਫ਼ੀਸਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਨੰਬਰ ਇੱਕ ਬਣਾਉਣ ਲਈ ਯਤਨਸ਼ੀਲ ਹੈ ਅਤੇ ਇਸ ਲਈ ਸੂਬੇ ਦੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਉਹਨਾਂ ਦੀ ਸਰਕਾਰ ਵਚਨਬੱਧ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਏਸ਼ੀਅਨ ਖੇਡਾਂ ਦੀਆਂ ਤਿਆਰੀਆਂ ਲਈ 8 ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਜਦਕਿ ਓਲੰਪਿਕ ਦੀਆਂ ਖੇਡਾਂ ਲਈ ਪ੍ਰਤੀ ਖਿਡਾਰੀ 15 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਜਦ ਵੀ ਕਦੇ ਮੌਕਾ ਮਿਲਿਆ ਤਾਂ ਪੰਜਾਬੀਆਂ ਨੇ ਆਪਣੀ ਕਾਬਲੀਅਤ ਨੂੰ ਸਿੱਧ ਕੀਤਾ। ਮੁੱਖ ਮੰਤਰੀ ਨੇ ਸਮਾਗਮ ਵਿੱਚ ਸ਼ਾਮਿਲ ਖਿਡਾਰੀਆਂ ਨਾਲ ਸਿੱਧੀਆਂ ਗੱਲਾਂ ਕਰਦੇ ਹੋਏ ਕਿਹਾ ਕਿ ‘ਉਹ ਸਾਰੀਆਂ ਖੇਡਾਂ ਨੂੰ ਪਸੰਦ ਕਰਦੇ ਹਨ’। ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਦੇ ਹਾਕੀ ਖਿਡਾਰੀਆਂ ਦੀ ਖੂਬ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਪੰਜਾਬੀ ਗਲੋਬਲ ਸਿਟੀਜਨ ਹਨ, ਜਿੱਥੇ ਵੀ ਜਾਂਦੇ ਹਨ ਉੱਥੇ ਹੀ ਕਾਮਯਾਬ ਹੋ ਜਾਂਦੇ ਹਨ । ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸੂਬੇ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਯਤਨਸ਼ੀਲ ਹੈ ਇਸ ਲਈ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਜੇਕਰ ਨੌਜਵਾਨ ਮੈਦਾਨ ਵਿੱਚ ਜਾਣਗੇ ਤਾਂ ਨਸ਼ਿਆਂ ਤੋਂ ਦੂਰ ਰਹਿਣਗੇ। ਇਸ ਮੌਕੇ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਹਾਜ਼ਰ ਸਨ।






