Gee 98News

‘ਆਪ’ ਵਰਕਰਾਂ ਨੂੰ ਰੈਲੀਆਂ ‘ਤੇ ਲਿਜਾਣ ਵਾਲੀਆਂ PRTC ਬੱਸਾਂ ਦਾ ਸਰਕਾਰ ਵੱਲ 3 ਕਰੋੜ ਤੋਂ ਵੱਧ ਬਕਾਇਆ…!

ਚੰਡੀਗੜ੍ਹ, 21 ਜਨਵਰੀ- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੱਖ ਵੱਖ ਸਮਾਗਮਾਂ ਲਈ PRTC ਤੋਂ ਕਿਰਾਏ ‘ਤੇ ਲਈਆਂ ਬੱਸਾਂ ਦਾ ਕਰੋੜਾਂ ਰੁਪਏ ਦਾ ਬਕਾਇਆ ਸਰਕਾਰ ਨੇ ਅਜੇ ਤੱਕ ਅਦਾ ਨਹੀਂ ਕੀਤਾ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ PRTC ਦਾ 3 ਕਰੋੜ ਰੁਪਏ‌ ਤੋਂ ਵੱਧ ਬਕਾਇਆ ਦੇਣਾ ਹੈ। PRTC ਦਾ ਸਰਕਾਰ ਵੱਲ 4 ਕਰੋੜ ਦੇ ਲੱਗਭੱਗ ਬਕਾਇਆ ਬਣਦਾ ਹੈ ਪਰੰਤੂ PRTC ਵੱਲੋਂ ਵਾਰ-ਵਾਰ ਕਹਿਣ ‘ਤੇ ਸਰਕਾਰ ਵੱਲੋਂ ਸਿਰਫ 28 ਲੱਖ ਰੁਪਏ ਹੀ ਦਿੱਤੇ ਗਏ ਹਨ, ਜਦਕਿ 3 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਦਾ ਭੁਗਤਾਨ ਕਰਨਾ ਅਜੇ ਵੀ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਕਾਇਆ ਆਮ ਆਦਮੀ ਪਾਰਟੀ ਦੀਆਂ ਰੈਲੀਆਂ/ਸਮਾਗਮਾਂ ‘ਚ ਵਰਤੀਆਂ ਬੱਸਾਂ ਦੇ ਕਿਰਾਏ ਦਾ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ‘ਆਪ’ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਵੱਖ-ਵੱਖ ਰਾਜਨੀਤਿਕ ਸਮਾਗਮਾਂ ਦੇ ਸਥਾਨਾਂ ‘ਤੇ ਲਿਜਾਣ ਲਈ ਸਰਕਾਰੀ PRTC ਬੱਸਾਂ ਦੀ ਵਰਤੋਂ ਕੀਤੀ ਗਈ। ਦੱਸ ਦੇਈਏ ਕਿ ਪਟਿਆਲਾ ਵਿੱਚ 2 ਅਕਤੂਬਰ 2023 ਨੂੰ ਇੱਕ ਸਮਾਗਮ ‘ਤੇ ਰੈਲੀ ਲਈ ਆਪ ਵਰਕਰਾਂ ਨੂੰ ਲੈ ਕੇ ਜਾਣ ਲਈ 611 ਬੱਸਾਂ ਦੀ ਵਰਤੋਂ ਕੀਤੀ ਗਈ ਸੀ, ਜੋ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ‘ਸਿਹਤਮੰਦ ਪੰਜਾਬ ਮਿਸ਼ਨ’ ਦੀ ਸ਼ੁਰੂਆਤ ਕਰਨ ਲਈ ਕੀਤੀ ਗਈ ਸੀ। PRTC ਨੇ ਇਸ ਸਮਾਗਮ ਲਈ 66 ਲੱਖ ਰੁਪਏ ਦਾ ਦਾਅਵਾ ਪੇਸ਼ ਕੀਤਾ ਸੀ, ਜੋ ਕਿ ਅਜੇ ਤੱਕ ਪ੍ਰਾਪਤ ਨਹੀਂ ਹੋਇਆ ਹੈ।ਇਸੇ ਤਰ੍ਹਾਂ ਸਿੱਖਿਆ ਵਿਭਾਗ ਵੱਲੋਂ 13 ਸਤੰਬਰ ਨੂੰ ਅੰਮ੍ਰਿਤਸਰ ਵਿੱਚ ‘ਸਕੂਲ ਆਫ਼ ਐਮੀਨੈਂਸ’ ਦੀ ਸ਼ੁਰੂਆਤ ਲਈ ਸੂਬਾ ਪੱਧਰੀ ਸਮਾਗਮ ਕੀਤਾ ਗਿਆ ਸੀ ਇਸ ਸਮਾਗਮ ‘ਤੇ ਭੇਜੀਆਂ ਪੀਆਰਟੀਸੀ ਬੱਸਾਂ ਦਾ ਪੰਜਾਬ ਸਰਕਾਰ ਵੱਲ 43 ਲੱਖ ਰੁਪਏ ਬਕਾਇਆ ਹੈ। ਇਸ ਤਰ੍ਹਾਂ ਹੋਰ ਸਮਾਗਮਾਂ ਦਾ ਕੁੱਲ ਮਿਲਾ ਕੇ ਸਰਕਾਰ ਵੱਲ PRTC ਦਾ 3 ਕਰੋੜ ਤੋਂ ਵੱਧ ਦਾ ਬਕਾਇਆ ਹੈ।
ਫੋਟੋ ਕੈਪਸ਼ਨ-ਸੰਬੰਧਿਤ ਫੋਟੋ

error: Content is protected !!