Gee 98News

ਚੰਡੀਗੜ੍ਹ,28 ਜਨਵਰੀ-ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦੇ ਖੁੱਲ੍ਹ ਕੇ ਖ਼ਿਲਾਫ਼ ਖੜ ਗਏ ਹਨ। ਆਪਣੇ ਸੋਸ਼ਲ ਮੀਡੀਆ ਅਕਾਊਂਂਟ ‘ਤੇ ਪਾਈ ਇੱਕ ਪੋਸਟ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਭਗਵੰਤ ਮਾਨ ਨੂੰ ਕਰਾਰੇ ਹੱਥੀ ਲਿਆ ਹੈ। ਵਿਧਾਇਕ ਪ੍ਰਤਾਪ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ‌ ਘਰ ਮਾਰਚ ਮਹੀਨੇ ਆਉਣ ਵਾਲੀਆਂ ਖੁਸ਼ੀਆਂ ਸਬੰਧੀ ਵਧਾਈਆਂ ਵੀ ਦੇ ਦਿੱਤੀਆਂ ਹਨ ਅਤੇ ਖ਼ਰੀਆਂ ਖ਼ਰੀਆਂ ਵੀ ਸੁਣਾ ਦਿੱਤੀਆਂ ਹਨ। ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ “ਮੁੱਖ ਮੰਤਰੀ ਸਾਹਿਬ ! ਤੁਸੀਂ ਲਿੰਗ ਨਿਰਧਾਰਨ ਟੈਸਟ ਨਾ ਕਰਵਾ ਕੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਸੰਦੇਸ਼ ਦਿੱਤਾ ਹੈ, ਤੁਹਾਡੇ ਘਰ ਰਾਜਕੁਮਾਰੀ ਆਵੇ ਜਾਂ ਰਾਜ..ਕੁਮਾਰ ਜੋ ਵੀ ਹੋਵੇ, ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠੇ, ਮੈਨੂੰ ਬਹੁਤ ਖੁਸ਼ੀ ਹੋਵੇਗੀ”। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਲਿਖਿਆ ਕਿ ਉਹਨਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਵਾਅਦਾ ਪੂਰਾ ਨਹੀਂ ਹੋਇਆ। ਉਹਨਾਂ ਲਿਖਿਆ ਕਿ ਜਿਸ ਦਿਨ 21 ਜੂਨ 2021 ਨੂੰ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਜੁਆਇਨੰਗ ਕਰਵਾਈ ਸੀ ਉਸ ਵੇਲੇ ਪੰਜਾਬ ਦਾ ਮੁੱਖ ਮੁੱਦਾ ਬਰਗਾੜੀ ਬੇਅਦਬੀ,ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਸੀ। ਉਹਨਾਂ ਲਿਖਿਆ ਕਿ “ਮੈਂ ਅੱਜ ਵੀ ਉੱਥੇ ਹੀ ਹਾਂ ਜਿੱਥੇ ਚੋਣਾਂ ਤੋਂ ਪਹਿਲਾਂ ਖੜਾ ਸੀ.. ਪੰਜਾਬ ਵੀ ਉੱਥੇ ਹੀ ਠਹਿਰ ਗਿਆ ਹੈ”। ਉਹਨਾਂ ਲਿਖਿਆ ਕਿ “28 ਨਵੰਬਰ 2023 ਨੂੰ ਚੰਡੀਗੜ੍ਹ ਤੁਹਾਡੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕਰਕੇ ਇਸ ਸੰਬੰਧ ਵਿੱਚ ਵਿਸਥਾਰਪੂਰਵਕ ਗੱਲਬਾਤ ਕੀਤੀ ਸੀ..ਅੱਜ ਦੋ ਮਹੀਨੇ ਪੂਰੇ ਹੋ ਗਏ ਹਨ ਪ੍ਰੰਤੂ ਹੁਣ ਤੁਹਾਡੇ ਪੀਏ ਵੀ ਮੇਰਾ ਫੋਨ ਸੁਣਨ ਲਈ ਰਾਜ਼ੀ ਨਹੀਂ ਹਨ”। ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਖ਼ਾਤਿਬ ਹੋ ਕੇ ਲਿਖੀ ਆਪਣੀ ਪੋਸਟ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੱਡੀ ਗੱਲ ਲਿਖਦੇ ਹੋਏ ਕਿਹਾ ਕਿ “ਮੋਰਚੇ ਵਾਲਿਆਂ ਨਾਲ ਤੁਹਾਡਾ ਰਾਜ਼ੀਨਾਮਾ ਹੋ ਗਿਆ ਹੈ, ਮੋਰਚੇ ਵਾਲਿਆਂ ਨੂੰ ਮੇਰੇ ਖ਼ਿਲਾਫ਼ ਹੀ ਲਗਾ ਦਿੱਤਾ ਕਾਨੂੰਨੀ ਦਾਅ ਪੇਚ ਵਰਤਣ ਵਿੱਚ, ਦੋਸ਼ੀਆਂ ਦੇ ਵੱਡੇ ਵਕੀਲ ਸਾਹਿਬਾਨ ਜੋ ਕਿ ਅੱਜਕੱਲ੍ਹ ਤੁਹਾਡੀ ਸਰਕਾਰ ਦੇ ਵੱਡੇ ਸਰਕਾਰੀ ਵਕੀਲ ਬਣੇ ਹਨ, ਮੇਰੇ ਪ੍ਰਾਈਵੇਟ ਵਕੀਲਾਂ ਨੂੰ ਚੰਗੀ ਟੱਕਰ ਦੇ ਰਹੇ ਹਨ…ਮਿਲਦੇ ਹਾਂ ਮਿਤੀ 29 ਜਨਵਰੀ 2024 ਨੂੰ ਫਰੀਦਕੋਟ ਅਦਾਲਤ ਵਿੱਚ…ਪਰੰਤੂ ਇਹ ਸਾਰਾ ਹਿਸਾਬ ਕਿਤਾਬ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਰੱਖਿਆ ਜਾ ਰਿਹਾ ਹੈ, ਜਿੱਥੋਂ ਇਨਸਾਫ਼ ਦੀ ਮੈਨੂੰ ਪੂਰਨ ਆਸ ਹੈ”।‌ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਇਸ ਪੋਸਟ ਨੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਅਦਬੀ ਘਟਨਾਵਾਂ ਸਬੰਧੀ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ।

Leave a Reply

Your email address will not be published. Required fields are marked *

error: Content is protected !!