Skip to main content

Gee 98News

EX MLA ਅਰਵਿੰਦ ਖੰਨਾ ED ਦੇ ਰਾਡਾਰ ‘ਤੇ…ਮਨੀਲਾਂਡਰਿੰਗ ਦੇ ਗੰਭੀਰ ਦੋਸ਼ਾਂ ਤਹਿਤ 30 ਜਨਵਰੀ ਨੂੰ ਕੀਤਾ ਤਲਬ

ਚੰਡੀਗੜ੍ਹ,28 ਜਨਵਰੀ-ਕਾਂਗਰਸ ਵਿੱਚੋਂ ਸਿਆਸੀ ਟਪੂਸੀ ਮਾਰ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਅਰਵਿੰਦ ਖੰਨਾ ਵੀ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ED ਦੇ ਰਾਡਾਰ ‘ਤੇ ਹਨ। ਇਸ ਵੇਲੇ ਪੰਜਾਬ ਦੀ ਭਾਜਪਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੂੰ ED ਨੇ ਪ੍ਰੀਵੈਂਸ਼ਨ ਆਫ਼ ਮਨੀਲਾਂਡਰਿੰਗ ਐਕਟ ਤਹਿਤ ਸੰਮਨ ਜਾਰੀ ਕਰਕੇ 30 ਜਨਵਰੀ ਨੂੰ ਤਲਬ ਕੀਤਾ ਹੈ। ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਵੀ 6 ਜਨਵਰੀ ਨੂੰ ਨੋਟਿਸ ਜਾਰੀ ਕਰਕੇ ਅਰਵਿੰਦ ਖੰਨਾ ਨੂੰ 15 ਜਨਵਰੀ ਨੂੰ ਤਲਬ ਕੀਤਾ ਗਿਆ ਸੀ ਪਰੰਤੂ ਅਰਵਿੰਦ ਖੰਨਾ ਨੇ ਉਹ ਸੰਮਨ ਛੱਡ ਦਿੱਤੇ ਸਨ। ਜਿਸ ਤੋਂ ਬਾਅਦ ਇਹ ਦੂਜਾ ਨੋਟਿਸ 30 ਜਨਵਰੀ ਲਈ ਜਾਰੀ ਕੀਤਾ ਗਿਆ ਹੈ। ED ਨੇ ਅਰਵਿੰਦ ਖੰਨਾ ਨੂੰ ਬਹੁਤ ਹੀ ਗੰਭੀਰ ਦੋਸ਼ਾਂ ਤਹਿਤ ਤਲਬ ਕੀਤਾ ਹੈ। ‌ED ਦੇ ਸੂਤਰਾਂ ਨੇ ਕਿਹਾ ਕਿ ਖੰਨਾ ਨੂੰ ਕਥਿਤ ਤੌਰ ‘ਤੇ “ਐਂਬਰੇਅਰ ਭ੍ਰਿਸ਼ਟਾਚਾਰ” ਦੇ ਮਾਮਲੇ ਨਾਲ ਸਬੰਧਤ ਜਾਂਚ ਵਿੱਚ ਸੰਮਨ ਭੇਜਿਆ ਗਿਆ ਹੈ ਜਿਸ ਵਿੱਚ 2008 ਵਿੱਚ ਬ੍ਰਾਜ਼ੀਲ ਦੀ ਫਰਮ ਦੇ ਹੱਕ ਵਿੱਚ DRDO ਨਾਲ ਤਿੰਨ ਜਹਾਜ਼ਾਂ ਦੇ ਸੌਦੇ ਨੂੰ ਬਦਲਣ ਲਈ ਕਥਿਤ ਤੌਰ ‘ਤੇ 5.76 ਮਿਲੀਅਨ ਡਾਲਰ ਦੀ ਕਿਕਬੈਕ ਅਦਾ ਕੀਤੀ ਗਈ ਸੀ । ਈਡੀ ਨੇ 2020 ਵਿੱਚ ਇਸ ਮਾਮਲੇ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਜਾ ਚੁੱਕੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ CBI ਨੇ ਵੀ ਜੂਨ 2023 ਵਿੱਚ ਹਥਿਆਰਾਂ ਦੇ ਡੀਲਰ ਅਰਵਿੰਦ ਖੰਨਾ, ਐਡਵੋਕੇਟ ਗੌਤਮ ਖੇਤਾਨ ਅਤੇ ਕਾਰੋਬਾਰੀ ਅਨੂਪ ਗੁਪਤਾ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ, ਇਸ ਚਾਰਜਸ਼ੀਟ ਵਿੱਚ ਏਜੰਸੀ ਨੇ IPC ਦੀ ਧਾਰਾ 120-ਬੀ ਜੋੜੀ ਹੈ, ਜੋ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਹੈ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਉਪਬੰਧਾਂ ਦੀ ਵਰਤੋਂ ਕੀਤੀ ਹੈ। ਅਰਵਿੰਦ ਖੰਨਾ ‘ਤੇ ਲੱਗੇ ਇਹ ਦੋਸ਼ ਇਸ ਕਰਕੇ ਵੀ ਗੰਭੀਰ ਹਨ ਕਿਉਂਕਿ ਇਹ ਮਾਮਲਾ ਦੇਸ਼ ਪ੍ਰਤੀ ਭਰੋਸੇਯੋਗਤਾ ਨਾਲ ਜੁੜਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਖੰਨਾ ਆਗਾਮੀ ਲੋਕ ਸਭਾ ਚੋਣਾਂ ਲਈ ਹਲਕਾ ਸੰਗਰੂਰ ਤੋਂ ਭਾਜਪਾ ਦੀ ਟਿਕਟ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਹਨ ਪ੍ਰੰਤੂ ED ਦੇ ਇਹ ਸੰਮਨ ਖੰਨਾ ਦੀ ਦਾਅਵੇਦਾਰੀ ਵਿੱਚ ਅੜਿੱਕਾ ਬਣ ਸਕਦੇ ਹਨ ਕਿਉਂਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਵਤਨਪ੍ਰਸਤੀ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤੇ ਸ੍ਰੀ ਅਰਵਿੰਦ ਖੰਨਾ ‘ਤੇ ਲੱਗੇ ਦੋਸ਼ ਇਸ ਦਿਸ਼ਾ ਦੇ ਬਿਲਕੁਲ ਉਲਟ ਹਨ। ‌ ਦੂਜੇ ਪਾਸੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਗਲੀਆਂ ਲੋਕ ਸਭਾ ਚੋਣਾਂ ‘ਚ ਭ੍ਰਿਸ਼ਟਾਚਾਰ ਵਿਰੁੱਧ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਨੂੰ ਆਪਣੀਆਂ ਮੁੱਖ ਪ੍ਰਾਪਤੀਆਂ ਵਜੋਂ ਪ੍ਰਚਾਰੇਗੀ, ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ED ਦੇ ਰਾਡਾਰ ‘ਤੇ ਹੁੰਦੇ ਹੋਏ ਸ੍ਰੀ ਖੰਨਾ ਆਮ ਆਦਮੀ ਪਾਰਟੀ ਖਾਸ ਕਰਕੇ ਭਗਵੰਤ ਮਾਨ ਦੇ ਪ੍ਰਚਾਰ ਦਾ ਹਿੱਸਾ ਵੀ ਬਣੇ ਰਹਿਣਗੇ ਅਤੇ ਅਜਿਹੇ ਹਾਲਾਤ ਸ੍ਰੀ ਖੰਨਾ ਦੀ ਟਿਕਟ ਦਾਅਵੇਦਾਰੀ ਨੂੰ ਫਿੱਕਾ ਪਾ ਸਕਦੇ ਹਨ।

error: Content is protected !!