Skip to main content

Gee 98News

ਬੁਲੰਦ ਹੌਂਸਲੇ : ਚੋਰਾਂ ਨੇ ਚਰਚਾ ‘ਚ ਰਹਿਣ ਵਾਲੀ ਧਾਕੜ MLA ਦੀ ਕੋਠੀ ‘ਚ ਕੀਤੀ ਚੋਰੀ

ਜਗਰਾਉਂ,1 ਫਰਵਰੀ-ਇੱਕ NRI ਬੀਬੀ ਦੀ ਕੋਠੀ ‘ਤੇ ਕਬਜ਼ਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕੀ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਦੀ ਆਪਣੀ ਕੋਠੀ ਵਿੱਚੋਂ ਚੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ, ਜਿਸ ਤੋਂ ਬਾਅਦ ਜਗਰਾਓ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਅਤੇ ਪੁਲਿਸ ਨੇ ਇਸ ਮਾਮਲੇ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਕੇ ਚੋਰਾਂ ਦੀ ਭਾਲ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸਿਟੀ ਇਨਕਲੇਵ ਕਲੋਨੀ ਨੰਬਰ-1 ਵਿੱਚ ਬੀਬੀ ਮਾਣੂੰਕੇ ਦੀ ਉਸਾਰੀ ਅਧੀਨ ਕੋਠੀ ਵਿੱਚੋਂ ਚੋਰਾਂ ਨੇ ਉਸਾਰੀ ਵਾਸਤੇ ਲਿਆਂਦਾ ਸਮਾਨ ਅਤੇ ਬਿਜਲੀ ਦੀਆਂ ਤਾਰਾਂ ਦੇ ਬੰਡਲਾਂ ਸਮੇਤ ਹੋਰ ਸਮਾਨ ਚੋਰੀ ਕਰ ਲਿਆ ਹੈ। ਚੋਰੀ ਦੀ ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦ ਦੂਜੇ ਦਿਨ ਮਜ਼ਦੂਰ ਉਸਾਰੀ ਦੇ ਕੰਮ ਵਾਸਤੇ ਆਏ ਅਤੇ ਉਹਨਾਂ ਨੇ ਸਮਾਨ ਗਾਇਬ ਦੇਖਿਆ ਤਾਂ ਤੁਰੰਤ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਦੱਸਿਆ, ਜਿਸ ਤੋਂ ਬਾਅਦ ਬੀਬੀ ਮਾਣੂੰਕੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਅਨੁਸਾਰ ਚੋਰਾਂ ਦੀ ਗਿਣਤੀ ਦੋ ਜਾਂ ਤਿੰਨ ਹੋ ਸਕਦੀ ਹੈ ਜੋ ਕਲੋਨੀ ਦੇ ਮੇਨ ਗੇਟ ਦੀ ਬਜਾਏ ਪਿੱਛੋਂ ਦੀ ਕੰਧ ਟੱਪ ਕੇ ਕਾਲੋਨੀ ਅੰਦਰ ਆਏ ਸਨ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਦੀ ਹੋਈ “ਨੇਤਾ ਜੀ” ਦੀ ਕੋਠੀ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਬੁਲੰਦ ਹੌਸਲੇ ਵਾਲੇ ਚੋਰਾਂ ਦੀ ਭਾਲ ਕਰ ਰਹੀ ਹੈ। ਜਗਰਾਓ ਸੀਆਈ ਏ ਸਟਾਫ਼ ਦੇ ਇੰਚਾਰਜ ਕਿੱਕਰ ਸਿੰਘ ਨੇ ਦਾਅਵਾ ਕੀਤਾ ਕਿ ਚੋਰ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ। ‌

error: Content is protected !!