ਬਰਨਾਲਾ,9 ਫਰਵਰੀ (ਨਿਰਮਲ ਸਿੰਘ ਪੰਡੋਰੀ)-
ਨਗਰ ਕੌਂਸਲ ਬਰਨਾਲਾ ਵੱਲੋਂ ਆਪਣੇ ਕੌਂਸਲਰਾਂ ਦੀ 5 ਫਰਵਰੀ ਨੂੰ ਬੁਲਾਈ ਮੀਟਿੰਗ ਮੁਲਤਵੀ ਹੋਣ ਦਾ ਸੱਚ ਹੌਲੀ ਹੌਲੀ ਸਾਹਮਣੇ ਆ ਰਿਹਾ ਹੈ। ਦੱਸ ਦੇਈਏ ਕਿ ਨਗਰ ਕੌਂਸਲ ਨੇ 5 ਫਰਵਰੀ ਨੂੰ ਹਾਊਸ ਦੀ ਇੱਕ ਮੀਟਿੰਗ ਬੁਲਾਈ ਸੀ ਜਿਸ ਵਿੱਚ ਵਿਚਾਰ ਕਰਨ ਲਈ ਕਾਫੀ ਏਜੰਡੇ ਰੱਖੇ ਗਏ ਸਨ ਜਿਨਾਂ ਵਿੱਚ ਹੰਡਿਆਇਆ ਵਿਖੇ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਨੂੰ ਦਿੱਤੀ ਜਗ੍ਹਾ ਤਬਦੀਲ ਕਰਨ ਦਾ ਏਜੰਡਾ ਅਤੇ ਪੱਕਾ ਕਾਲਜ ਰੋਡ ‘ਤੇ ਤਿੰਨ ਪੈਟਰੋਲ ਪੰਪਾਂ ਸਬੰਧੀ ਏਜੰਡਾ ਵੀ ਸ਼ਾਮਿਲ ਸੀ। ਇਹ ਮੀਟਿੰਗ ਸ਼ੁਰੂ ਹੋਣ ਤੋਂ ਕੁਝ ਪਲਾਂ ‘ਚ ਹੀ ਕੌਂਸਲਰਾਂ ਦਾ ਆਪਸੀ ਹੰਗਾਮਾ ਹੋ ਗਿਆ ਅਤੇ ਮੀਟਿੰਗ ਮੁਲਤਵੀ ਕਰ ਦਿੱਤੀ ਗਈ, ਜਿਸ ਤੋਂ ਬਾਅਦ ਮੀਟਿੰਗ ਮੁਲਤਵੀ ਹੋਣ ਸਬੰਧੀ ਸ਼ਹਿਰ ਵਿੱਚ ਵੱਖ-ਵੱਖ ਤਰ੍ਹਾਂ ਦੀ ਚਰਚਾ ਚੱਲ ਰਹੀ ਸੀ, ਕੋਈ ਇਸ ਨੂੰ ਹਸਪਤਾਲ ਵਾਲੇ ਮੁੱਦੇ ਦੀ ਕਰਕੇ ਅਤੇ ਕੋਈ ਪੈਟਰੋਲ ਪੰਪਾਂ ਵਾਲੇ ਮੁੱਦੇ ਕਰਕੇ ਮੁਲਤਵੀ ਹੋਈ ਮੰਨ ਰਿਹਾ ਸੀ ਪ੍ਰੰਤੂ ਨਗਰ ਕੌਂਸਲ ਦੀ ਇਹ ਮੀਟਿੰਗ ਮੁਲਤਵੀ ਹੋਣ ਦਾ ਅਸਲ ਕਾਰਨ ਹੋਰ ਹੀ ਹੈ। ਦਰਅਸਲ ਮੀਟਿੰਗ ਵਿੱਚ ਸੱਤਾਧਾਰੀ ਧਿਰ ਵਾਲੇ ਪਾਸੇ ਖੜੇ ਮਹਿਲਾ ਕੌਂਸਲਰਾਂ ਦੀ ਬਜਾਏ ਉਹਨਾਂ ਦੇ ਪਤੀ ਅਤੇ ਪੁੱਤਰ ਆਏ ਹੋਏ ਸਨ ਜਿਸ ਸਬੰਧੀ ਦੂਜੀ ਧਿਰ ਨੇ ਇਤਰਾਜ਼ ਕੀਤਾ ਅਤੇ ਕਿਹਾ ਕਿ ਸਿਰਫ਼ ਕੌਂਸਲਰ ਹੀ ਮੀਟਿੰਗ ਵਿੱਚ ਬੈਠਣਗੇ। ਇਸ ਮੀਟਿੰਗ ਵਿੱਚ ਕੋਰਮ ਦੇ ਪੱਖ ਤੋਂ ਸਥਿਤੀ ਇਹ ਬਣ ਗਈ ਕਿ ਜੇਕਰ ਮਹਿਲਾ ਕੌਂਸਲਰਾਂ ਦੇ ਪੁੱਤਰਾਂ ਅਤੇ ਪਤੀਆਂ ਨੂੰ ਬਾਹਰ ਕੱਢ ਕੇ ਮੀਟਿੰਗ ਕੀਤੀ ਜਾਂਦੀ ਤਾਂ ਸੱਤਾਧਾਰੀ ਧਿਰ ਵਾਲੇ ਪਾਸੇ ਦਾ ਪਲੜਾ ਹੌਲਾ ਸੀ ਜਿਸ ਕਰਕੇ ਮੀਟਿੰਗ ਵਿੱਚ ਸੱਤਾਧਾਰੀ ਧਿਰ ਵੱਲੋਂ ਖਾਸ ਕਰਕੇ ਕੈਬਨਿਟ ਮੰਤਰੀ ਦੀ ਦਿਲਚਸਪੀ ਵਾਲੇ ਏਜੰਡੇ ਪਾਸ ਹੋਣ ਦਾ ਖ਼ਤਰਾ ਖੜਾ ਹੋ ਗਿਆ ਸੀ ਅਤੇ ਮਹਿਲਾ ਕੌਂਸਲਰਾਂ ਦੇ ਪਤੀਆਂ ਤੇ ਪੁੱਤਰਾਂ ਦੀ ਮੁੱਛ ਦਾ ਵੀ ਸਵਾਲ ਬਣ ਗਿਆ ਸੀ। ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਤੇ ਸੱਤਾਧਾਰੀ ਧਿਰ ਦੇ ਇਸ਼ਾਰੇ ‘ਤੇ ਈਓ ਨੇ ਮੀਟਿੰਗ ਮੁਲਤਵੀ ਹੀ ਕਰ ਦਿੱਤੀ, ਜਿਸ ਦੀ ਤਾਰੀਕ ਬਾਅਦ ਵਿੱਚ ਰੱਖੀ ਜਾਵੇਗੀ। ਜਦ ਪੱਤਰਕਾਰਾਂ ਨੇ ਈਓ ਨੂੰ ਮੀਟਿੰਗ ਵਿੱਚ ਮਹਿਲਾ ਕੌਂਸਲਰਾਂ ਦੇ ਰਿਸ਼ਤੇਦਾਰਾਂ ਦੀ ਹਾਜ਼ਰੀ ਸਬੰਧੀ ਸਵਾਲ ਕੀਤਾ ਤਾਂ ਈਓ ਨੇ ਕਿਹਾ ਕਿ ਉਹ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਗੱਲ ਹੈ ਜਦਕਿ ਸੱਚਾਈ ਇਹ ਹੈ ਕਿ ਜਿਨਾਂ ਮਹਿਲਾ ਕੌਂਸਲਰਾਂ ਦੇ ਰਿਸ਼ਤੇਦਾਰ ਮੀਟਿੰਗ ਵਿੱਚ ਹਾਜ਼ਰ ਸਨ ਉਹ ਮਹਿਲਾ ਕੌਂਸਲਰਾਂ ਉਸ ਵੇਲੇ ਨਗਰ ਕੌਂਸਲ ਦੇ ਨੇੜੇ ਤੇੜੇ ਵੀ ਹਾਜ਼ਰ ਨਹੀਂ ਸਨ। ਇਸ ਲਈ ਆਪਣਾ ਪਲੜਾ ਹੌਲਾ ਹੋਣ ਕਰਕੇ ਸੱਤਾਧਾਰੀ ਧਿਰ ਵਾਲੇ ਖ਼ੇਮੇ ਨੇ ਏਜੰਡੇ ਪਾਸ ਨਾ ਹੁੰਦੇ ਦੇਖਦੇ ਹੋਏ ਮੀਟਿੰਗ ਹੀ ਮੁਲਤਵੀ ਕਰ ਦਿੱਤੀ।










