Gee 98News

ਚੰਡੀਗੜ੍ਹ,16 ਫਰਵਰੀ, Gee98 news Network
ਸ਼ੰਭੂ ਬਾਰਡਰ ‘ਤੇ ਕਿਸਾਨਾਂ ਤੇ ਹਰਿਆਣਾ ਪੁਲਿਸ ਦੇ ਦਰਮਿਆਨ ਕਸ਼ਮਕਸ਼ ਜਾਰੀ ਹੈ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਹਰ ਹੀਲਾ ਵਸੀਲਾ ਵਰਤਿਆ ਜਾ ਰਿਹਾ। ਹਰਿਆਣਾ ਪੁਲਿਸ ਨੇ ਕਿਸਾਨਾਂ ‘ਤੇ ਕਾਨੂੰਨੀ ਕਾਰਵਾਈ ਕਰਨ ਦੇ ਦਾਅ ਪੇਚ ਵੀ ਵਰਤਣੇ ਸ਼ੁਰੂ ਕਰ ਦਿੱਤੇ ਹਨ। ਹੁਣ ਹਰਿਆਣਾ ਪੁਲਿਸ ਨੇ ਕਿਸਾਨਾਂ ਵੱਲੋਂ ਪੁਲਿਸ ‘ਤੇ ਪਥਰਾਅ ਕਰਨ ਵਾਲੇ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ‘ਤੇ ਪਥਰਾਅ ਦੇ 2 ਵੀਡੀਓ ਜਾਰੀ ਕੀਤੇ ਹਨ। ਪੁਲਿਸ ਨੇ ਨੌਜਵਾਨਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਇਹ ਵੀਡੀਓ 13 ਅਤੇ 14 ਫਰਵਰੀ ਦੇ ਹਨ। ਜਦੋਂ ਪੁਲਿਸ ਕਿਸਾਨਾਂ ਨੂੰ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਸੀ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ‘ਤੇ ਪੱਥਰ ਸੁੱਟੇ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਪੁਲਿਸ ਨੇ ਇਹ ਵੀ ਐਲਾਨ ਕੀਤਾ ਹੈ ਕਿ ਇਹਨਾਂ ਨੌਜਵਾਨਾਂ ਦੀ ਪਛਾਣ ਦੱਸਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਤੇ ਇਨਾਮ ਵੀ ਦਿੱਤਾ ਜਾਵੇਗਾ । ਉਧਰ, ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਖ਼ੁਦ ਪਥਰਾਅ ਕਰਵਾ ਕੇ ਅੰਦੋਲਨ ਨੂੰ ਫੇਲ੍ਹ ਕਰਵਾਉਣਾ ਚਾਹੁੰਦੀ ਹੈ। ਖਨੌਰੀ ਸਰਹੱਦ ‘ਤੇ ਵੀ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਕਿਹਾ ਸੀ ਕਿ ਇਸ ਅੰਦੋਲਨ ਦੌਰਾਨ ਜੋ ਵੀ ਨੁਕਸਾਨ ਹੋਵੇਗਾ, ਉਹ ਸ਼ਰਾਰਤੀ ਅਨਸਰਾਂ ਤੋਂ ਹੀ ਵਸੂਲਿਆ ਜਾਵੇਗਾ। ਇਸੇ ਸਬੰਧ ਵਿੱਚ ਵੀਡੀਓਜ਼ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *

error: Content is protected !!