Skip to main content

Gee 98News

ਕਾਂਗਰਸ ਤੇ ਆਪ ਗੱਠਜੋੜ : ਹਰਿਆਣਾ, ਗੁਜਰਾਤ, ਦਿੱਲੀ ‘ਚ ਚਾਚੇ- ਤਾਏ ਦੀਆਂ ਧੀਆਂ…ਤੇ ਪੰਜਾਬ ਚ ਸੌਂਕਣਾਂ …!

ਚੰਡੀਗੜ੍ਹ,24 ਫਰਵਰੀ, ਨਿਰਮਲ ਸਿੰਘ ਪੰਡੋਰੀ-
ਕਾਂਗਰਸ ਅਤੇ ਆਮ ਆਦਮੀ ਪਾਰਟੀ ਆਗਾਮੀ ਲੋਕ ਸਭਾ ਚੋਣਾਂ ਵਿੱਚ ਗੁਜਰਾਤ, ਦਿੱਲੀ, ਹਰਿਆਣਾ, ਗੋਆ ਅਤੇ ਚੰਡੀਗੜ੍ਹ ‘ਚ ਇੱਕ ਦੂਜੇ ਨਾਲ ਘਿਉ ਖਿਚੜੀ ਹੋ ਕੇ ਰਹਿਣਗੀਆਂ ਜਦ ਕਿ ਪੰਜਾਬ ‘ਚ ਦੋਵੇਂ ਪਾਰਟੀਆਂ ਇੱਕ ਦੂਜੇ ਨੂੰ ਹਰਾਉਣ ਦੀ ਖਾਤਰ ਅੱਡੀ ਚੋਟੀ ਦਾ ਜ਼ੋਰ ਲਗਾਉਣਗੀਆਂ।
ਅੱਜ ਦਿੱਲੀ ਵਿੱਚ ਦੋਵੇਂ ਪਾਰਟੀਆਂ ਦੇ ਸੀਨੀਅਰ ਆਗੂਆਂ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਹੋ ਗਿਆ ਹੈ ਕਿ ਪੰਜਾਬ ‘ਚ ਦੋਵੇਂ ਪਾਰਟੀਆਂ ਵੱਖੋ ਵੱਖ ਲੋਕ ਸਭਾ ਦੀਆਂ ਚੋਣਾਂ ਲੜਨਗੀਆਂ। ਲੋਕ ਸਭਾ ਚੋਣਾਂ ਲਈ ਇੰਡੀਆ ਗੱਠਜੋੜ ਤਹਿਤ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸੀ ਆਗੂ ਮੁਕੁਲ ਵਾਸਨਿਕ ਨੇ ਕਿਹਾ ਕਿ ‘ਆਪ’ ਅਤੇ ਕਾਂਗਰਸ ਗੁਜਰਾਤ, ਦਿੱਲੀ, ਹਰਿਆਣਾ, ਗੋਆ ਅਤੇ ਚੰਡੀਗੜ੍ਹ ‘ਚ ਗਠਜੋੜ ਨਾਲ ਚੋਣਾਂ ਲੜਨਗੀਆਂ। ਆਮ ਆਦਮੀ ਪਾਰਟੀ ਦਿੱਲੀ ਦੀਆਂ 4 ਸੀਟਾਂ ‘ਤੇ ਚੋਣ ਲੜੇਗੀ। ਕਾਂਗਰਸ ਨੇ ਚਾਂਦਨੀ ਚੌਕ ਸਮੇਤ 3 ਸੀਟਾਂ ਚੁਣੀਆਂ ਹਨ। ਜਦਕਿ ਕਾਂਗਰਸ ਚੰਡੀਗੜ੍ਹ ਲੋਕ ਸਭਾ ਸੀਟ ਅਤੇ ਗੋਆ ਦੋਵਾਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰੇਗੀ। ਹਰਿਆਣਾ ‘ਚ ਕਾਂਗਰਸ 9 ਸੀਟਾਂ ‘ਤੇ ਅਤੇ ਆਮ ਆਦਮੀ ਪਾਰਟੀ 1 ਸੀਟ ‘ਤੇ ਚੋਣ ਲੜੇਗੀ। ਗੁਜਰਾਤ ‘ਚ ਆਮ ਆਦਮੀ ਪਾਰਟੀ 2 ਸੀਟਾਂ ‘ਤੇ ਅਤੇ ਕਾਂਗਰਸ 24 ਸੀਟਾਂ ‘ਤੇ ਚੋਣ ਲੜੇਗੀ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਵਿਚ 26, ਹਰਿਆਣਾ ਵਿਚ 10, ਦਿੱਲੀ ਵਿਚ 7, ਗੋਆ ਵਿਚ 2 ਅਤੇ ਚੰਡੀਗੜ੍ਹ ਵਿੱਚ 1 ਲੋਕ ਸਭਾ ਸੀਟਾਂ ਹਨ। ਇਨ੍ਹਾਂ ਸਾਰੀਆਂ ਸੀਟਾਂ ‘ਤੇ ਕਾਂਗਰਸ ਤੇ ਆਪ ਵਿਚਾਕਰ ਸਹਿਮਤੀ ਬਣੀ ਹੈ। ਆਮ ਆਦਮੀ ਪਾਰਟੀ ਦਿੱਲੀ ਵਿਚ ਨਵੀਂ ਦਿੱਲੀ, ਪੱਛਮੀ ਦਿੱਲੀ, ਦੱਖਣੀ ਦਿੱਲੀ ਅਤੇ ਪੂਰਬੀ ਦਿੱਲੀ ਲੋਕ ਸਭਾ ਸੀਟਾਂ ਤੋਂ ਚੋਣ ਲੜੇਗੀ। ਜਦੋਂ ਕਿ ਕਾਂਗਰਸ ਉੱਤਰ ਪੂਰਬ, ਉੱਤਰੀ ਪੱਛਮੀ ਅਤੇ ਚਾਂਦਨੀ ਚੌਕ ਸੀਟਾਂ ‘ਤੇ ਚੋਣ ਲੜੇਗੀ। ਗੁਜਰਾਤ ਵਿਚ ਆਮ ਆਦਮੀ ਪਾਰਟੀ ਭਰੂਚ ਅਤੇ ਭਾਵਨਗਰ ਲੋਕ ਸਭਾ ਸੀਟਾਂ ਤੋਂ ਚੋਣ ਲੜੇਗੀ। ਜਦਕਿ ਹਰਿਆਣਾ ਵਿਚ ਇਹ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਖੜ੍ਹਾ ਕਰੇਗੀ। ਉਨ੍ਹਾਂ ਕਿ ਅਸੀਂ ਆਪੋ-ਆਪਣੇ ਚੋਣ ਨਿਸ਼ਾਨ ‘ਤੇ ਚੋਣ ਲੜਾਂਗੇ, ਪਰ ਇਕਜੁੱਟ ਹੋ ਕੇ ਲੜਾਂਗੇ ਅਤੇ ਭਾਜਪਾ ਨੂੰ ਹਰਾਵਾਂਗੇ। ਆਮ ਆਦਮੀ ਪਾਰਟੀ ਨਾਲ ਸੀਟਾਂ ਦੀ ਵੰਡ ਦੇ ਮਾਮਲੇ ਵਿੱਚ ਆਖਰ ਕਾਂਗਰਸ ਹਾਈ ਕਮਾਂਡ ਨੂੰ ਪੰਜਾਬ ਇਕਾਈ ਅੱਗੇ ਝੁਕਣਾ ਹੀ ਪਿਆ ਪਿਆ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ਪੰਜਾਬ ਇਕਾਈ ਦੇ ਲਗਭਗ ਸਾਰੇ ਆਗੂਆਂ ਨੇ ਹਾਈ ਕਮਾਂਡ ਨੂੰ ਸਪੱਸ਼ਟ ਦੱਸ ਦਿੱਤਾ ਸੀ ਕਿ ਉਹ ਪੰਜਾਬ ‘ਚ ਲੋਕ ਸਭਾ ਚੋਣਾਂ ਆਪ ਨਾਲ ਮਿਲਕੇ ਨਹੀਂ ਲੜ ਸਕਦੇ। ਸੀਟਾਂ ਦੀ ਵੰਡ ਦੇ ਸਮਝੌਤੇ ਅਨੁਸਾਰ ਹੁਣ ਗੁਜਰਾਤ, ਹਰਿਆਣਾ, ਦਿੱਲੀ, ਗੋਆ ਅਤੇ ਚੰਡੀਗੜ੍ਹ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਤਾਏ-ਚਾਚੇ ਦੀਆਂ ਧੀਆਂ ਬਣ ਕੇ ਰਹਿਣਗੀਆਂ ਜਦ ਕਿ ਪੰਜਾਬ ‘ਚ ਲੋਕ ਸਭਾ ਚੋਣਾਂ ਦੌਰਾਨ ਦੋਵੇਂ ਪਾਰਟੀਆਂ ਸਿਆਸੀ ਸ਼ੌਂਕਣ ਬਣ ਕੇ ਵਿਚਰਨਗੀਆਂ।

error: Content is protected !!