Gee 98News

ਬਰਨਾਲਾ,27 ਫਰਵਰੀ (ਨਿਰਮਲ ਸਿੰਘ ਪੰਡੋਰੀ)-
-ਜ਼ਿਲ੍ਹੇ ਦੇ ਵੱਡੇ ਪਿੰਡ ਹਮੀਦੀ ਵਿੱਚ NIA ਦੀ ਟੀਮ ਨੇ ਮੰਗਲਵਾਰ ਸਵੇਰੇ ਪੰਜ ਕੁ ਵਜੇ ਇੱਕ ਘਰੇ ਛਾਪਾਮਾਰੀ ਕੀਤੀ, ਜੋ ਦੁਪਹਿਰ ਦੇ ਕਰੀਬ 12 ਵਜੇ ਤੱਕ ਜਾਰੀ ਰਹੀ। NIA ਦੀ ਇਸ ਟੀਮ ਦੀ ਅਗਵਾਈ ਡੀਐਸਪੀ ਰੈਂਕ ਦੇ ਅਧਿਕਾਰੀ ਇਸਾਨ ਮਹਿਰਾ ਨੇ ਕੀਤੀ। ਇਸ ਮੌਕੇ ਟੀਮ ਦੇ ਨਾਲ ਸਰਕਾਰੀ ਗਵਾਹਾਂ ਦੇ ਤੌਰ ‘ਤੇ ਪੇਂਡੂ ਵਿਕਾਸ ਵਿਭਾਗ ਦੇ ਜੇਈ ਜਗਜੀਤ ਸਿੰਘ ਅਤੇ ਪਾਵਰਕਾਮ ਦੇ ਜੇਈ ਕੀਰਤੀ ਕੁਮਾਰ ਹਾਜ਼ਰ ਸਨ।ਕੇਂਦਰੀ ਏਜੰਸੀ ਵੱਲੋਂ ਇਹ ਰੇਡ ਹਮੀਦੀ ਦੇ ਰੇਸ਼ਮ ਸਿੰਘ ਪੁੱਤਰ ਪਾਲਾ ਸਿੰਘ ਦੇ ਘਰ ਕੀਤੀ ਗਈ, ਮਿਲੀ ਜਾਣਕਾਰੀ ਅਨੁਸਾਰ ਇਹ ਰੇਡ NIA ਵੱਲੋਂ ਦਿੱਲੀ ਵਿਖੇ ਦਰਜ ਕੀਤੇ ਗਏ ਮੁਕੱਦਮਾ ਨੰਬਰ 30/2023 ਦੇ ਸੰਦਰਭ ਵਿੱਚ ਕੀਤੀ ਗਈ। ਦੱਸ ਦੇਈਏ ਕਿ ਰੇਸ਼ਮ ਸਿੰਘ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ ਜਿਸ ਉੱਪਰ ਲੌਂਗੋਵਾਲ ਦੇ ਖੇਤਰ ‘ਚ ਖਾਲਿਸਤਾਨੀ ਨਾਅਰੇ ਲਿਖਣ ਸਬੰਧੀ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵੇਲੇ NIA ਦੀ ਟੀਮ ਰੇਸ਼ਮ ਸਿੰਘ ਦੇ ਘਰ ਪੁੱਜੀ,ਉਸ ਵੇਲੇ ਰੇਸ਼ਮ ਸਿੰਘ ਦੇ ਘਰ ਵਿੱਚ ਉਸਦੇ ਬਜ਼ੁਰਗ ਮਾਤਾ-ਪਿਤਾ, ਬੇਟਾ ਅਤੇ ਬੇਟੀ ਹਾਜ਼ਰ ਸਨ ਜਦਕਿ ਰੇਸ਼ਮ ਸਿੰਘ ਦੀ ਪਤਨੀ ਪਹਿਲਾਂ ਹੀ ਕਿਤੇ ਬਾਹਰ ਗਈ ਹੋਈ ਸੀ। ਰੇਸ਼ਮ ਸਿੰਘ ਦੇ ਬੇਟੇ ਨੇ ਆਪਣੀ ਕਲਾਸ ਦਾ ਪੇਪਰ ਦੇਣ ਜਾਣਾ ਸੀ ਪਹਿਲਾਂ ਤਾਂ NIA ਅਧਿਕਾਰੀਆਂ ਨੇ ਉਸ ਨੂੰ ਜਾਣ ਤੋਂ ਰੋਕਿਆ ਪਰੰਤੂ ਫਿਰ ਰੇਸ਼ਮ ਸਿੰਘ ਦੇ ਬੇਟੇ ਨੂੰ ਪੇਪਰ ਦੇਣ ਲਈ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ NIA ਦੀ ਟੀਮ ਨੇ ਰੇਸ਼ਮ ਸਿੰਘ ਦੇ ਘਰੋਂ ਦੋ ਡਾਇਰੀਆਂ, ਸਿਮ ਕਾਰਡ ਅਤੇ ਕੁਝ ਹੋਰ ਦਸਤਾਵੇਜ਼ ਜ਼ਬਤ ਕੀਤੇ ਹਨ ਜਿਨਾਂ ਨੂੰ ਟੀਮ ਆਪਣੇ ਨਾਲ ਲੈ ਗਈ ਹੈ। ‌NIA ਦੀ ਰੇਡ ਮੌਕੇ ਬਰਨਾਲਾ ਪੁਲਿਸ ਦੇ ਉੱਚ ਅਧਿਕਾਰੀ ਅਤੇ ਕਾਫੀ ਗਿਣਤੀ ਵਿੱਚ ਮੁਲਾਜ਼ਮ ਵੀ ਹਾਜ਼ਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜੱਟ ਸਿੱਖ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਹੀ ਚੰਗੀ ਨਹੀਂ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੌਕੇ ‘ਤੇ ਕੁਝ ਪਿੰਡ ਵਾਸੀਆਂ ਨੇ NIA ਦੀ ਟੀਮ ਦੀ ਰੇਡ ਦਾ ਵਿਰੋਧ ਕੀਤਾ ਤੇ ਨਾਅਰੇਬਾਜ਼ੀ ਵੀ ਕੀਤੀ।

Leave a Reply

Your email address will not be published. Required fields are marked *

error: Content is protected !!