Gee 98News

ਬਰਨਾਲਾ,1 ਮਾਰਚ, ਨਿਰਮਲ ਸਿੰਘ ਪੰਡੋਰੀ
-ਕੁਝ ਦਿਨ ਪਹਿਲਾਂ ਤਹਿਸੀਲ ਮਹਿਲ ਕਲਾਂ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਨੇ ਰੇਡ ਕਰਕੇ ਇੱਕ ਮੁਲਾਜ਼ਮ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਸੀ। ਵਿਜੀਲੈਂਸ ਬਿਊਰੋ ਦੀ ਟੀਮ ਨੇ 35000 ਰਿਸ਼ਵਤ ਦੀ ਰਕਮ ਵੀ ਮੌਕੇ ‘ਤੇ ਬਰਾਮਦ ਕੀਤੀ। ਇਸ ਸਾਰੇ ਘਟਨਾਕ੍ਰਮ ਦਾ ਇੱਕ ਪਹਿਲੂ ਇਹ ਵੀ ਹੈ ਕਿ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਮੁਲਾਜ਼ਮ ਡਾਟਾ ਐਂਟਰੀ ਓਪਰੇਟਰ (ਠੇਕਾ ਮੁਲਾਜ਼ਮ) ਹੈ। ਲੋਕ ਚਰਚਾ ਕਰ ਰਹੇ ਹਨ ਕਿ ਕਿਸੇ ਜਗ੍ਹਾ ਦੀ ਰਜਿਸਟਰੀ ਕਰਨ ਦੀ ਸਮੁੱਚੀ ਪ੍ਰਕਿਰਿਆ ਵਿੱਚ ਇੱਕ ਓਪਰੇਟਰ ਦੀ ਕੀ ਭੂਮਿਕਾ ਹੁੰਦੀ ਹੈ। ਚਰਚਾ ਇਹ ਵੀ ਹੋ ਰਹੀ ਹੈ ਕਿ ਇਕ ਓਪਰੇਟਰ ਆਪਣੇ ਪੱਧਰ ‘ਤੇ ਐਨੀ ਵੱਡੀ ਰਕਮ ਦੀ ਰਿਸ਼ਵਤ ਕਿਵੇਂ ਮੰਗ ਲਵੇਗਾ। ਇਥੇ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਹ ਆਮ ਹੀ ਚਰਚਾ ਹੋ ਰਹੀ ਸੀ ਕਿ ਮਹਿਲ ਕਲਾਂ ਤਹਸੀਲ ਦੇ ਵਿੱਚ ਰਜਿਸਟਰੀ ਕਰਾਉਣ ਬਦਲੇ ਰਿਸ਼ਵਤਖ਼ੋਰੀ ਦਾ ਗੋਰਖ ਧੰਦਾ ਸ਼ਰੇਆਮ ਚੱਲ ਰਿਹਾ ਹੈ। ਲੋਕ ਇਹ ਚੁੰਝ ਚਰਚਾ ਅਕਸਰ ਕਰਦੇ ਰਹਿੰਦੇ ਹਨ ਕਿ ਰਜਿਸਟਰੀ ਕਰਨ ਮੌਕੇ ਵੱਡੀ-ਛੋਟੀ ਰਜਿਸਟਰੀ ਦੇ ਹਿਸਾਬ ਨਾਲ ਠੋਕ ਵਜਾ ਕੇ ਰਿਸ਼ਵਤ ਲਈ ਜਾਂਦੀ ਹੈ। ਮਹਿਲ ਕਲਾਂ ਤਹਿਸੀਲ ਵਿੱਚ ਰਿਸ਼ਵਤ ਖੋਰੀ ਦੇ ਇਸ ਗੋਰਖ ਧੰਦੇ ਵਿੱਚ ਤਹਿਸੀਲ ਤੋਂ ਬਾਹਰ ਬੈਠੇ ਰਜਿਸਟਰੀਆਂ ਲਿਖਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲਿਆਂ ਦੀ ਭੂਮਿਕਾ ਦੀ ਚਰਚਾ ਵੀ ਅਕਸਰ ਹੁੰਦੀ ਰਹਿੰਦੀ ਹੈ। ਮਹਿਲ ਕਲਾਂ ਤਹਿਸੀਲ ‘ਚ ਰਿਸ਼ਵਤਖ਼ੋਰੀ ਦੇ ਧੰਦੇ ਦੀ ਚਰਚਾ ਜਦੋਂ ਹੁੰਦੀ ਹੈ ਤਾਂ ਸੱਤਾ ਦੀ ਬੁੱਕਲ ‘ਚ ਬੈਠੇ ਇੱਕ ਸਫੈਦ ਪੋਸ਼ ਦਾ ਨਾਮ ਵੀ ਲੋਕ ਲੈਂਦੇ ਹਨ। ਬਹਰਹਾਲ ! ਵਿਜੀਲੈਂਸ ਦੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੀ ਲੋਕ ਸ਼ਲਾਘਾ ਤਾਂ ਕਰ ਰਹੇ ਹਨ ਪ੍ਰੰਤੂ ਚੁੰਝ ਚਰਚਾ ਇਹ ਵੀ ਹੈ ਕਿ ਵਿਜੀਲੈਂਸ ਦੇ ਜਾਲ ਵਿੱਚ ‘ਮਗਰਮੱਛ’ ਫਸੇਗਾ ਜਾਂ ਨਹੀਂ। ਮਹਿਲ ਕਲਾਂ ਤਹਿਸੀਲ ‘ਚ ਰੇਡ ਕਰਨ ਵਾਲੀ ਵਿਜੀਲੈਂਸ ਦੀ ਟੀਮ ਦੀ ਅਗਵਾਈ ਕਰਨ ਵਾਲੇ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਫੋਨ ‘ਤੇ ਗੱਲਬਾਤ ਕਰਨ ਸਮੇਂ ਦੱਸਿਆ ਕਿ ਇਸ ਮਾਮਲੇ ‘ਚ ਫੜੇ ਗਏ ਮੁਲਜ਼ਮ ਦਾ ਰਿਮਾਂਡ ਲੈ ਕੇ ਇਸ ਮਾਮਲੇ ਦੀ ਹੋਰ ਪੜ੍ਹਤਾਲ ਕੀਤੀ ਜਾ ਰਹੀ ਹੈ। ਇਹ ਵੀ ਕੰਧ ‘ਤੇ ਲਿਖੇ ਵਾਂਗ ਬਿਲਕੁਲ ਸੱਚ ਹੈ ਕਿ ਵਿਜੀਲੈਂਸ ਦੀ ਟੀਮ ਜਦੋਂ ਕਿਸੇ ਮੁਲਾਜ਼ਮ ਨੂੰ ਰੰਗੇ ਹੱਥੀ ਫੜਦੀ ਹੈ ਤਾਂ ਵਿਜੀਲੈਂਸ ਦੀ ਕਾਰਵਾਈ ਫੜੇ ਗਏ ਮੁਲਾਜ਼ਮ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀ ਹੈ, ਭਾਵੇਂ ਕਿ ਵਿਜੀਲੈਂਸ ਦੇ ਅਧਿਕਾਰੀ ਹਰ ਮਾਮਲੇ ‘ਚ ਇਹੋ ਆਖਦੇ ਹਨ ਕਿ ਇਸ ਮਾਮਲੇ ਦੀ ਹੋਰ ਪੜ੍ਹਤਾਲ ਕੀਤੀ ਜਾਵੇਗੀ ਪ੍ਰੰਤੂ ਵਿਜੀਲੈਂਸ ਦੇ “ਪੜ੍ਹਤਾਲੀਆ ਜਾਲ” ਵਿੱਚ ਕਦੇ ਕੋਈ ਮਗਰਮੱਛ ਅਜੇ ਤੱਕ ਤਾਂ ਫਸਿਆ ਨਹੀਂ, ਹੁਣ ਮਹਿਲ ਕਲਾਂ ਤਹਿਸੀਲ ਵਾਲੇ ਰਿਸ਼ਵਤਖ਼ੋਰੀ ਕਾਂਡ ਵਿੱਚ ਲੋਕਾਂ ਦੀਆਂ ਨਜ਼ਰਾਂ ਵੱਡੇ ਮਗਰਮੱਛ ‘ਤੇ ਹੀ ਨਹੀਂ ਟਿਕੀਆਂ ਸਗੋਂ ਵਿਜੀਲੈਂਸ ਦੀ ਪੜ੍ਹਤਾਲ ‘ਤੇ ਵੀ ਟਿਕੀਆਂ ਹੋਈਆਂ ਹਨ।

Leave a Reply

Your email address will not be published. Required fields are marked *

error: Content is protected !!