Skip to main content

Gee 98News

ਮੁਲਾਜ਼ਮਾਂ ਨੇ ਆਪਣੇ ਖ਼ੂਨ ਨਾਲ ਭਗਵੰਤ ਮਾਨ ਨੂੰ ਲਿਖਿਆ ਮੰਗ ਪੱਤਰ, ਲੋਕ ਸਭਾ ਚੋਣਾਂ ‘ਚ ਪੋਲ ਖੋਲ੍ਹ ਰੈਲੀਆਂ ਕਰਨ ਦਾ ਐਲਾਨ

ਚੰਡੀਗੜ੍ਹ,11 ਮਾਰਚ, Gee98 news service
-ਪੰਜਾਬ ‘ਚ ਆਪ ਸਰਕਾਰ ਦੇ ਗਠਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲਾ ਮੁਲਾਜ਼ਮ ਵਰਗ ਹੁਣ ਲੋਕ ਸਭਾ ਚੋਣਾਂ ਦੌਰਾਨ ਆਪ ਸਰਕਾਰ ਦੇ ਖ਼ਿਲਾਫ਼ ਪੋਲ ਖੋਲ੍ਹ ਰੈਲੀਆਂ ਕਰੇਗਾ। ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੱਦੇ ‘ਤੇ ਪੰਜਾਬ ਭਰ ਵਿੱਚੋਂ ਇਕੱਠੇ ਹੋਏ ਮੁਲਾਜ਼ਮਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਸਥਿਤ ਕੋਠੀ ਅੱਗੇ ਧਰਨਾ ਦਿੱਤਾ ਤੇ ਆਪਣੀਆਂ ਮੰਗਾਂ ਸਬੰਧੀ ਆਪਣੇ ਖ਼ੂਨ ਨਾਲ ਪੱਤਰ ਲਿਖ ਕੇ ਵਿਧਾਨ ਸਭਾ ਵਿੱਚ ਭੇਜਿਆ। ‌ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਸਾਡੇ ਧਰਨਿਆਂ ਵਿੱਚ ਆ ਕੇ ਸਾਡੇ ਨਾਲ਼ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਸਮੂਹ ਮੁਲਾਜ਼ਮਾਂ ‘ਤੇ ਪੰਜਾਬ ਦੇ ਪੇਅ ਸਕੇਲ ਲਾਗੂ ਕਰਾਂਗੇ ਪ੍ਰੰਤੂ ਦੋ ਸਾਲ ਦਾ ਸਮਾਂ ਬੀਤ ਜਾਣ ‘ਤੇ ਵੀ ਅਜੇ ਤੱਕ ਇਹ ਵਾਅਦਾ ਵਫ਼ਾ ਨਹੀਂ ਹੋਇਆ। ਸਰਕਾਰ ਪਰਖ਼ਕਾਲ ਦਾ ਸਮਾਂ ਪੂਰਾ ਕਰ ਚੁੱਕੇ ਮੁਲਾਜ਼ਮਾਂ‌ ਦੀ ਪੇਅ ਫਿਕਸੇਸ਼ਨ ਕਰਨ ਸੰਬੰਧੀ ਵੀ ਕੋਈ ਸੁਹਿਰਦਤਾ ਨਹੀਂ ਦਿਖਾ ਰਹੀ। ਇਸ ਕਰਕੇ ਮੁਲਾਜ਼ਮ ਮਾਨਸਿਕ ਤਣਾਓ ‘ਚ ਗੁਜ਼ਰ ਰਹੇ ਹਨ, ਜਿਸ ਕਰਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਅਤੇ ਆਪਣੇ ਖ਼ੂਨ ਨਾਲ ਮੰਗਾਂ ਲਿਖ ਕੇ ਮੰਗ ਪੱਤਰ ਵਿਧਾਨ ਸਭਾ ਵਿੱਚ ਭੇਜਿਆ ਗਿਆ। ਇਸ ਮੌਕੇ ਸੰਗਰੂਰ ਪ੍ਰਸ਼ਾਸਨ ਵੱਲੋਂ ਜੱਥੇਬੰਦੀ ਦੇ ਆਗੂਆਂ ਦੀ ਸਬ ਕਮੇਟੀ ਅਤੇ ਸਿੱਖਿਆ ਮੰਤਰੀ ਨਾਲ 14 ਮਾਰਚ ਦੀ ਮੀਟਿੰਗ ਤੈਅ ਕਰਵਾਈ ਗਈ। ਇਸ ਤੋਂ ਬਾਅਦ ਮੁਲਾਜ਼ਮ ਸ਼ਾਂਤ ਹੋਏ ਅਤੇ ਉਨ੍ਹਾਂ ਆਪਣਾ ਧਰਨਾ ਖ਼ਤਮ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਜੇਕਰ ਮੀਟਿੰਗ ਵਿੱਚ ਕੋਈ ਠੋਸ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਾਰੇ ਹਲਕਿਆਂ ਵਿੱਚ ਆਪ ਪਾਰਟੀ ਵਿਰੁੱਧ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾਣਗੀਆਂ।

error: Content is protected !!