Gee 98News

ਚੰਡੀਗੜ੍ਹ,14 ਮਾਰਚ, Gee98 news service
-ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰੂਨੀ ਹਾਲਾਤਾਂ ਸਬੰਧੀ ਰਿਪੋਰਟਾਂ ਅਕਸਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਪਰੰਤੂ ਵੀਰਵਾਰ ਗੁਰਦਾਸਪੁਰ ਦੀ ਸੈਂਟਰਲ ਜੇਲ੍ਹ ਅੰਦਰ ਵਾਪਰੀ ਘਟਨਾ ਨੇ ਸੂਬੇ ‘ਚ ਜੇਲ੍ਹਾਂ ਦੇ ਅੰਦਰੂਨੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਆਪ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੀ ਸੈਂਟਰਲ ਜੇਲ੍ਹ ਵਿੱਚ ਵੀਰਵਾਰ ਸਵੇਰ ਤੋਂ ਹੀ ਕੈਦੀਆਂ ਨੇ ਜੇਲ੍ਹ ‘ਚ ਮਾੜੇ ਪ੍ਰਬੰਧਾਂ ਨੂੰ ਲੈ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਦ ਪੁਲਿਸ ਵਾਲਿਆਂ ਨੇ ਕੈਦੀਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਦੀਆਂ ਨੇ ਇੱਕਜੁੱਟ ਹੋ ਕੇ ਪੁਲਿਸ ਵਾਲਿਆਂ ‘ਤੇ ਹਮਲਾ ਕਰ ਦਿੱਤਾ ਜਿਸ ਵਿੱਚ ਕਈ ਪੁਲਿਸ ਵਾਲੇ ਜ਼ਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਕੈਦੀਆਂ ਦਾ ਹਮਲਾ ਇੰਨਾ ਜ਼ਬਰਦਸਤ ਸੀ ਕਿ ਕੈਦੀਆਂ ਨੇ ਜੇਲ ਦੇ ਕਮਰਿਆਂ ਦੀਆਂ ਛੱਤਾਂ ਉੱਪਰ ਚੜ ਕੇ ਇੱਟਾਂ ਰੋੜਿਆਂ ਨਾਲ ਪੁਲਿਸ ਵਾਲਿਆਂ ‘ਤੇ ਹਮਲਾ ਕੀਤਾ। ਪੁਲਿਸ ਨੂੰ ਅੱਥਰੂ ਗੈਸ ਦੇ ਗੋਲਿਆਂ ਨਾਲ ਵੀ ਕੈਦੀਆਂ ਨੂੰ ਕੰਟਰੋਲ ਕਰਨ ਵਿੱਚ ਮੁਸ਼ੱਕਤ ਕਰਨੀ ਪਈ। ਸੂਤਰਾਂ ਅਨੁਸਾਰ ਸ਼ਾਮ ਤੱਕ ਵੀ ਜੇਲ੍ਹ ਦੇ ਅੰਦਰਲੇ ਹਾਲਾਤ ਤਣਾਅਪੂਰਨ ਬਣੇ ਹੋਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਗੁਰਦਾਸਪੁਰ ਹਰੀਸ਼ ਕੁਮਾਰ ਅਤੇ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਮੌਕੇ ‘ਤੇ ਪਹੁੰਚੇ, ਇਸ ਦੇ ਨਾਲ ਹੀ ਆਈਜੀ ਬਾਰਡਰ ਰੇਂਜ ਮਨੀਸ਼ ਚਾਵਲਾ ਵੀ ਮੌਕੇ ‘ਤੇ ਪੁੱਜੇ। ਦੱਸ ਦੇਈਏ ਕਿ ਸੂਬੇ ਦਾ ਜੇਲ੍ਹ ਵਿਭਾਗ ਵੀ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੀ ਹੈ। ਸੂਬੇ ‘ਚ ਭਗਵੰਤ ਮਾਨ ਸਰਕਾਰ ਦੇ ਗਠਨ ਤੋਂ ਬਾਅਦ ਜੇਲ੍ਹਾਂ ‘ਚ ਕੈਦੀਆਂ ਦੇ ਆਪਸੀ ਝਗੜਿਆਂ ਦੀਆਂ ਖਬਰਾਂ ਤਾਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ ਪ੍ਰੰਤੂ ਕੈਦੀਆਂ ਵੱਲੋਂ ਇੱਕਜੁੱਟ ਹੋ ਕੇ ਜੇਲ੍ਹ ਸਿਕਿਉਰਟੀ ਮੁਲਾਜ਼ਮਾਂ ਉੱਪਰ ਪਹਿਲੀ ਵਾਰ ਅਜਿਹੇ ਹਮਲੇ ਦੀ ਘਟਨਾ ਚਿੰਤਾਜਨਕ ਹੈ।

Leave a Reply

Your email address will not be published. Required fields are marked *

error: Content is protected !!