ਚੰਡੀਗੜ੍ਹ,24 ਜੂਨ, Gee98 news service
-ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਦਰ ਤਰਥੱਲੀ ਮੱਚੀ ਹੋਈ ਹੈ। ਪਾਰਟੀ ਦੇ ਸੀਨੀਅਰ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਕੁਝ ਵਫਾਦਾਰ ਆਗੂਆਂ ਨੇ ਜਵਾਬੀ ਬਿਆਨਬਾਜ਼ੀ ਸ਼ੁਰੂ ਕੀਤੀ ਹੋਈ ਹੈ ਜਿਸ ਨਾਲ ਦੋਵੇਂ ਧਿਰਾਂ ਇੱਕ ਦੂਜੇ ਤੇ ਸ਼ਬਦੀ ਹਮਲੇ ਕਰ ਰਹੀਆਂ ਹਨ। ਸੁਖਬੀਰ ਸਿੰਘ ਬਾਦਲ ਦੇ ਨੇੜੇ ਮੰਨੇ ਜਾਂਦੇ ਅਤੇ ਉਹਨਾਂ ਦੇ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ ਅਤੇ ਸੀਨੀਅਰ ਆਗੂ ਆਗੂ ਬੰਟੀ ਰੋਮਾਣਾ ਨੇ ਇਕ ਦੂਜੇ ਵਿਰੁੱਧ ਗੰਭੀਰ ਦੋਸ਼ ਲਾਏ ਹਨ। ਪਿਛਲੇ ਦਿਨੀ ਬਰਾੜ ਨੇ ਸੁਖਬੀਰ ਬਾਦਲ ਨੂੰ ਚਿੱਠੀ ਲਿਖ ਕੇ ਪਾਰਟੀ ਦੀ ਹਾਰ ਲਈ ਕੁੱਝ ਸਲਾਹਕਾਰਾਂ ਨੂੰ ਜ਼ਿੰਮੇਵਾਰ ਦੱਸਦਿਆਂ ਵਿਸ਼ੇਸ਼ ਤੌਰ ‘ਤੇ ਬੰਟੀ ਰੋਮਾਣਾ ਦਾ ਨਾਂ ਲਿਆ ਸੀ। ਹੁਣ ਬੰਟੀ ਰੋਮਾਨਾ ਨੇ ਬਰਾੜ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਇਕ ਸਵਾਰੀਆਂ ਢੋਹਣ ਵਾਲਾ ਘੜੂੱਕਾ ਚਲਾਉਂਦਾ ਰਿਹਾ ਹੈ। ਪਟਿਆਲਾ ਦੀ ਲੋਕ ਸਭਾ ਟਿਕਟ ਨਾ ਮਿਲਣ ਕਾਰਨ ਪਾਰਟੀ ਬਾਰੇ ਬੋਲ ਰਿਹਾ ਹੈ। ਪਹਿਲਾਂ ਪੀ.ਪੀ.ਪੀ. ਪਾਰਟੀ ਵਿਚ ਚੋਣ ਲੜਨ ਤੋਂ ਨਾਂਹ ਹੋਣ ਕਾਰਨ ਮਨਪ੍ਰੀਤ ਦਾ ਸਾਥ ਛੜਿਆ ਸੀ। ਬੰਟੀ ਰੋਮਾਣਾ ਨੇ ਸੁਖਬੀਰ ਬਾਦਲ ‘ਤੇ ਵੀ ਸਵਾਲ ਉਠਾਇਆ ਕਿ ਪਤਾ ਨਹੀਂ ਅਜਿਹੇ ਬੰਦਿਆਂ ਨੂੰ ਕਿਉਂ ਨਾਲ ਰਖਿਆ ਗਿਆ? ਬੰਟੀ ਨੇ ਬਰਾੜ ਉਪਰ ਜਾਅਲੀ ਸਰਟੀਫ਼ੀਕੇਟ ਨਾਲ ਨੌਕਰੀ ਲੈਣ ਅਤੇ ਬਾਹਰੋਂ ਪੈਸੇ ਵਸੂਲਣ ਵਰਗੇ ਗੰਭੀਰ ਦੋਸ਼ ਵੀ ਲਾਏ ਹਨ। ਦੂਜੇ ਪਾਸੇ ਬਰਾੜ ਨੇ ਵੀ ਬੰਟੀ ‘ਤੇ ਹਮਲੇ ਬੋਲਦਿਆਂ ਕਿਹਾ ਕਿ ਫ਼ਰੀਦਕੋਟ ਵਿਚ ਲੋਕ ਸਭਾ ਦੀ ਚੋਣ ਹਾਰਨ ਸਮੇਂ ਬੰਟੀ ਰੋਮਾਣਾ ਦੇ ਪਿਤਾ ਨੇ ਫ਼ਾਇਰ ਕਰ ਕੇ ਖ਼ੁਸ਼ੀ ਮਨਾਈ ਸੀ। ਚਰਨਜੀਤ ਸਿੰਘ ਬਰਾੜ ਨੇ ਬੰਟੀ ਰੋਮਾਣਾ ਬਾਰੇ ਇੱਥੋਂ ਤੱਕ ਕਹਿ ਦਿੱਤਾ ਕਿ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਮ੍ਰਿਤਕ ਦੇਹ ਘਰ ਪਈ ਸੀ ਤਾਂ ਬੰਟੀ ਨੂੰ ਪਰਿਵਾਰ ਨੇ ਵਾਪਸ ਮੋੜ ਦਿਤਾ ਸੀ ਅਤੇ ਭੋਗ ਵਾਲੇ ਦਿਨ ਵੀ ਬੰਟੀ ਨੇ ਪਾਸੇ ਬੈਠ ਕੇ ਦਿਨ ਲੰਘਾਇਆ। ਚਰਨਜੀਤ ਸਿੰਘ ਬਰਾੜ ਨੇ ਬੰਟੀ ਉਪਰ ਰੇਤ, ਬਜਰੀ ਅਤੇ ਹੋਰ ਅਜਿਹੇ ਨਾਜਾਇਜ਼ ਕਾਰੋਬਾਰ ਕਰਨ ਦੇ ਵੀ ਦੋਸ਼ ਲਾਏ ਹਨ ਅਤੇ ਉਸ ਨੂੰ ਕਿਹਾ ਕਿ ਮੇਰੀ ਕਿਰਦਾਰਕੁਸ਼ੀ ਕਰਨ ਤੋਂ ਬਾਜ਼ ਆਵੇ ਨਹੀਂ ਤਾਂ ਮੈਂ ਹੋਰ ਵੀ ਬਹੁਤ ਭੇਤ ਖੋਲ੍ਹਣ ਲਈ ਮਜ਼ਬੂਰ ਹੋਵਾਂਗਾ। ਬਹਰਹਾਲ ! ਕਿਸੇ ਵੇਲੇ ਸੁਖਬੀਰ ਸਿੰਘ ਬਾਦਲ ਦੀਆਂ ਸੱਜੀਆਂ ਖੱਬੀਆਂ ਬਾਹਾਂ ਮੰਨੇ ਜਾਣ ਵਾਲੇ ਅੱਜਕੱਲ੍ਹ “ਯਾਰੀ ਟੁੱਟੀ ਤੋਂ ਚੁਗਾਠਾਂ ਪੱਟ” ਰਹੇ ਹਨ ਅਤੇ ਇੱਕ ਦੂਜੇ ਦੇ ਚੰਗੇ ਪੋਤੜੇ ਫਰੋਲ ਰਹੇ ਹਨ, ਜਿਸ ਨਾਲ ਪਾਰਟੀ ਦਾ ਅਕਸ ਤਾਂ ਹੋਰ ਖਰਾਬ ਹੋ ਹੀ ਰਿਹਾ ਹੈ ਸਗੋਂ ਪਾਰਟੀ ਅੰਦਰਲੇ ਅਨੁਸ਼ਾਸਨ ‘ਤੇ ਵੀ ਸਵਾਲ ਉੱਠ ਰਹੇ ਹਨ।