ਚੰਡੀਗੜ੍ਹ,25 ਜੂਨ, Gee98 news service
-ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਬਤੌਰ ਮੈਂਬਰ ਪਾਰਲੀਮੈਂਟ ਲੋਕ ਸਭਾ ਵਿੱਚ ਸਹੁੰ ਨਹੀਂ ਚੁੱਕ ਸਕੇ। ਅੱਜ ਲੋਕ ਸਭਾ ਵਿੱਚ ਪੰਜਾਬ ਤੋਂ ਚੁਣੇ ਗਏ ਸੰਸਦਾਂ ਨੇ ਸਹੁੰ ਚੁੱਕੀ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਨਾਮ ਦੀ ਆਵਾਜ਼ ਪਈ ਪ੍ਰੰਤੂ ਉਹ ਹਾਜ਼ਰ ਨਹੀਂ ਸਨ ਕਿਉਂਕਿ ਉਹ ਜੇਲ੍ਹ ਵਿੱਚ ਹਨ। ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ ਇੱਕ ਦਿਨ ਦੀ ਵਿਸ਼ੇਸ਼ ਪੈਰੋਲ ਨਹੀਂ ਦਿੱਤੀ ਗਈ ਜਿਸ ਲਈ ਉਹਨਾਂ ਨੇ ਅਰਜ਼ੀ ਵੀ ਲਗਾਈ ਸੀ। ਇਹ ਮਾਮਲਾ ਹੁਣ ਭਖਣ ਦੇ ਆਸਾਰ ਬਣ ਗਏ ਹਨ ਕਿਉਂਕਿ ਇਸ ਤੋਂ ਪਹਿਲਾਂ ਕਈ ਵਾਰ ਜੇਲ੍ਹ ਵਿੱਚ ਬੰਦ ਰਹਿੰਦੇ ਹੋਏ ਚੁਣੇ ਗਏ ਨੁਮਾਇੰਦਿਆਂ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਮਿਲਦੀ ਰਹੀ ਹੈ। ਸੰਵਿਧਾਨਕ ਤੌਰ ‘ਤੇ ਸੰਸਦ ਮੈਂਬਰ ਬਣਨ ਲਈ ਅੰਮ੍ਰਿਤਪਾਲ ਸਿੰਘ ਨੂੰ ਸਭ ਤੋਂ ਪਹਿਲਾਂ ਸਹੁੰ ਚੁੱਕਣੀ ਪਵੇਗੀ। ਚੋਣ ਜਿੱਤਣ ਦਾ ਮਤਲਬ ਹੈ ਕਿ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਅੰਮ੍ਰਿਤਪਾਲ ਸਿੰਘ ਕੋਲ ਹੁਣ ਸੰਸਦ ਮੈਂਬਰ ਵਜੋਂ ਸੰਵਿਧਾਨਕ ਫ਼ਤਵਾ ਹੈ। ਜੇਲ੍ਹ ਵਿੱਚ ਬੰਦ ਚੁਣੇ ਹੋਏ ਸੰਸਦ ਮੈਂਬਰ ਦੇ ਸਹੁੰ ਚੁੱਕਣ ਬਾਰੇ ਸੰਵਿਧਾਨ ਵਿੱਚ ਕੋਈ ਵੱਖਰਾ ਫੈਸਲਾ ਨਹੀਂ ਪਰ ਜੇਕਰ ਪੁਰਾਣੀਆਂ ਉਦਾਹਰਣਾਂ ‘ਤੇ ਨਜ਼ਰ ਮਾਰੀਏ ਤਾਂ ਕਈ ਅਜਿਹੇ ਨੇਤਾ ਹਨ ਜਿਨ੍ਹਾਂ ਨੇ ਜੇਲ੍ਹ ‘ਚ ਰਹਿੰਦਿਆਂ ਸਹੁੰ ਚੁੱਕਣ ਲਈ ਆਰਜ਼ੀ ਪੈਰੋਲ ਲਈ ਸੀ। ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਦੂਜੀ ਵਾਰ ਰਾਜ ਸਭਾ ਬਣੇ ਸਨ ਉਹ ਉਸ ਸਮੇਂ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਤਿਹਾੜ ਵਿੱਚ ਕੈਦ ਸਨ, ਉਨ੍ਹਾਂ ਨੂੰ ਇੱਕ ਅਦਾਲਤ ਨੇ ਦੂਜੀ ਵਾਰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ ਸੀ। ਇਸੇ ਤਰ੍ਹਾਂ 2021 ਵਿੱਚ ਇੱਕ NIA ਅਦਾਲਤ ਨੇ ਅਖਿਲ ਗੋਗੋਈ ਨੂੰ ਅਸਾਮ ਦੇ ਸਿਬਸਾਗਰ ਤੋਂ ਜਿੱਤਣ ਮਗਰੋਂ ਅਸਾਮ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਲਈ ਅਸਥਾਈ ਤੌਰ ‘ਤੇ ਜੇਲ੍ਹ ਛੱਡਣ ਦੀ ਇਜਾਜ਼ਤ ਦਿੱਤੀ ਸੀ। 1977 ਵਿੱਚ ਟਰੇਡ ਯੂਨੀਅਨਿਸਟ ਜਾਰਜ ਫਰਨਾਂਡੀਜ਼ ਐਮਰਜੈਂਸੀ ਦੌਰਾਨ ਜੇਲ੍ਹ ਵਿੱਚ ਰਹਿੰਦਿਆਂ ਮੁਜ਼ੱਫਰਪੁਰ ਸੀਟ ਤੋਂ ਚੁਣੇ ਗਏ ਸਨ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਸਹੁੰ ਚੁੱਕਣ ਦੀ ਇਜਾਜ਼ਤ ਦੇਣਾ ਜ਼ਮਾਨਤ ‘ਤੇ ਰਿਹਾਅ ਹੋਣ ਵਰਗਾ ਨਹੀਂ। ਇਹ ਇੱਕ ਦਿਨ ਦੀ ਵਿਸ਼ੇਸ਼ ਪੈਰੋਲ ਦੇ ਸਮਾਨ ਹੈ। ਜੇਲ੍ਹ ‘ਚ ਬੰਦ ਸੰਸਦ ਮੈਂਬਰ ਨੂੰ ਸੰਸਦ ‘ਚ ਹਰ ਕਦਮ ‘ਤੇ ਵੱਖ-ਵੱਖ ਥਾਵਾਂ ਤੋਂ ਇਜਾਜ਼ਤ ਲੈਣੀ ਪਵੇਗੀ। ਇੰਨਾ ਹੀ ਨਹੀਂ ਜੇਕਰ ਉਹ ਸੰਸਦ ਤੋਂ ਗੈਰਹਾਜ਼ਰ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਲਈ ਸਪੀਕਰ ਨੂੰ ਵੀ ਪੱਤਰ ਲਿਖਣਾ ਹੋਵੇਗਾ। ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਸੰਵਿਧਾਨ ਦੀ ਧਾਰਾ 101 (4) ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਸੰਸਦ ਮੈਂਬਰ ਬਿਨਾਂ ਇਜਾਜ਼ਤ 60 ਦਿਨਾਂ ਤੋਂ ਵੱਧ ਸਮੇਂ ਤੱਕ ਸਾਰੀਆਂ ਬੈਠਕਾਂ ਤੋਂ ਗੈਰਹਾਜ਼ਰ ਰਹਿੰਦਾ ਹੈ, ਤਾਂ ਉਸ ਦੀ ਸੀਟ ਖਾਲੀ ਐਲਾਨ ਕਰ ਦਿੱਤੀ ਜਾਵੇਗੀ।