ਚੰਡੀਗੜ੍ਹ,3 ਜੁਲਾਈ, Gee98 news service
-ਗੁਜਰਾਤ ਦੇ ਕੱਛ ਵਿੱਚ ਪੁਲਿਸ ਨੇ ਸੀਆਈਡੀ ਵਿੱਚ ਤਾਇਨਾਤ ਇੱਕ ਸੁੰਦਰ ਮਹਿਲਾ ਕਾਂਸਟੇਬਲ ਨੂੰ ਇੱਕ ਸ਼ਰਾਬ ਤਸਕਰ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਗੁਜਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਾਰ ਵਿੱਚ ਵੱਡੀ ਮਾਤਰਾ ਵਿੱਚ ਸ਼ਰਾਬ ਲਿਜਾਈ ਜਾ ਰਹੀ ਹੈ। ਜਦੋਂ ਪੁਲੀਸ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਕਾਰ ਭਜਾ ਕੇ ਫਰਾਰ ਹੋ ਗਿਆ,ਇਸ ਦੌਰਾਨ ਉਸਨੇ ਪੁਲਿਸ ਵਾਲਿਆਂ ‘ਤੇ ਵੀ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਤੇਜ਼ ਰਫ਼ਤਾਰ ਨਾਲ ਦੌੜ ਰਹੀ ਸਫ਼ੈਦ ਰੰਗ ਦੀ ਥਾਰ ਨੂੰ ਪੁਲੀਸ ਨੇ ਅਗਲੇ ਚੈਕਿੰਗ ਪੁਆਇੰਟ ‘ਤੇ ਕਾਬੂ ਕਰ ਲਿਆ। ਜਿਵੇਂ ਹੀ ਥਾਰ ਨੂੰ ਰੋਕ ਕੇ ਅੰਦਰ ਦੇਖਿਆ ਤਾਂ ਗੁਜਰਾਤ ਦੇ ਪੂਰਬੀ ਕੱਛ ਵਿੱਚ ਸੀਆਈਡੀ ਵਿੱਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਕਾਰ ਦੇ ਅੰਦਰ ਨਜ਼ਰ ਆਈ। ਉਸ ਦੇ ਨਾਲ ਯੁਵਰਾਜ ਸਿੰਘ ਨਾਂ ਦਾ ਸ਼ਰਾਬ ਤਸਕਰ ਵੀ ਸੀ। ਤਲਾਸ਼ੀ ਦੌਰਾਨ ਗੱਡੀ ਵਿੱਚੋਂ ਵੱਡੀ ਮਾਤਰਾ ਵਿੱਚ ਸ਼ਰਾਬ ਦੀ ਬਰਾਮਦ ਹੋਈ। ਸ਼ਰਾਬ ਤਸਕਰੀ ‘ਚ ਫੜੀ ਗਈ ਸੁੰਦਰ ਮਹਿਲਾ ਕਾਂਸਟੇਬਲ ਦਾ ਨਾਂ ਨੀਤਾ ਚੌਧਰੀ ਹੈ। ਜੋ ਪੂਰਬੀ ਕੱਛ ਦੇ ਗਾਂਧੀਧਾਮ ਸਥਿਤ ਸੀਆਈਡੀ ਕ੍ਰਾਈਮ ਸਟੇਸ਼ਨ ‘ਤੇ ਤਾਇਨਾਤ ਹੈ। ਪੁਲਿਸ ਨੇ ਦੱਸਿਆ ਕਿ ਸ਼ਰਾਬ ਮਾਫੀਆ ਯੁਵਰਾਜ ਖ਼ਿਲਾਫ਼ ਇੱਕ ਕਤਲ ਕੇਸ ਸਮੇਤ 16 ਅਪਰਾਧਿਕ ਮਾਮਲੇ ਦਰਜ ਹਨ। ਉਹ ਕਾਫੀ ਸਮੇਂ ਤੋਂ ਫਰਾਰ ਸੀ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਸੀ ਪਰ ਪੁਲਿਸ ਨੂੰ ਉਸ ਵੇਲੇ ਹੈਰਾਨੀ ਹੋਈ ਜਦ ਉਹ ਪੁਲਿਸ ਦੀ ਹੀ ਇੱਕ ਸੁੰਦਰ ਮਹਿਲਾ ਕਾਂਸਟੇਬਲ ਦੇ ਨਾਲ ਫੜਿਆ ਗਿਆ। ਭਰੂਚ ਦੇ ਪੁਲਿਸ ਅਧਿਕਾਰੀ ਸਾਗਰ ਸਾਂਬਾਦਾ ਅਨੁਸਾਰ ਦੋਵਾਂ ਮੁਲਜ਼ਮਾਂ ਖ਼ਿਲਾਫ਼ ਸ਼ਰਾਬ ਤਸਕਰੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲੀਸ ਟੀਮ ‘ਤੇ ਵਾਹਨ ਚੜਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਹੁਣ ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਕੇ ਉਨ੍ਹਾਂ ਦੇ ਨੈੱਟਵਰਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।