ਚੰਡੀਗੜ੍ਹ, 22 ਜੁਲਾਈ, Gee98 news service
-ਪੰਜਾਬ ਸਰਕਾਰ ਵੱਲੋਂ ਉੱਚ ਕੋਟੀ ਦੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵਿਆਂ ਦੇ ਦੌਰਾਨ ਇੱਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ ਜੋ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਚੰਗੀ ਤਰ੍ਹਾਂ ਪੋਲ੍ਹ ਖੋਲ ਰਹੀ ਹੈ। ਇਹ ਖ਼ਬਰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਨਾਲ ਜੁੜੀ ਹੋਈ ਹੈ। ਪਟਿਆਲਾ ਦਾ ਰਜਿੰਦਰਾ ਹਸਪਤਾਲ ਅਕਸਰ ਆਪਣੀਆਂ ਕਮੀਆਂ ਦੇ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ। ਬੀਤੇ ਦਿਨੀ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਬਿਜਲੀ ਦਾ ਲੰਮਾ ਕੱਟ ਲੱਗਣ ਕਾਰਨ ਮਰੀਜ਼ਾਂ ਅਤੇ ਵਾਰਸਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਲੰਮਾ ਕੱਟ ਲੱਗਿਆ ਜਿਸ ਦੌਰਾਨ ਮਰੀਜ਼ਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਇੱਕ ਹੈਰਾਨੀਜਨਕ ਪੱਖ ਵੀ ਸਾਹਮਣੇ ਆ ਰਿਹਾ ਹੈ ਕਿ ਬਿਜਲੀ ਦੇ ਇਸ ਲੰਮੇ ਕੱਟ ਦੇ ਦੌਰਾਨ ਹੀ ਡਾਕਟਰਾਂ ਨੇ ਮੋਬਾਈਲਾਂ ਦੀਆਂ ਟਾਰਚਾਂ ਦੀ ਰੌਸ਼ਨੀ ਵਿੱਚ ਇੱਕ ਔਰਤ ਦਾ ਜਣੇਪਾ ਕੀਤਾ, ਕਿਉਂਕਿ ਉਸ ਔਰਤ ਦੀ ਜਣੇਪਾ ਪੀੜ ਜ਼ਿਆਦਾ ਵੱਧ ਰਹੀ ਸੀ। ਇਸ ਤੋਂ ਇਲਾਵਾ ਵੀ ਕੁਝ ਲੋੜਵੰਦ ਮਰੀਜ਼ਾਂ ਦਾ ਇਲਾਜ ਮੋਬਾਇਲਾਂ ਦੀਆਂ ਟਾਰਚਾਂ ਦੀ ਰੌਸ਼ਨੀ ਵਿੱਚ ਕੀਤਾ ਗਿਆ। ਰਜਿੰਦਰਾ ਹਸਪਤਾਲ ਵਿੱਚ ਬਿਜਲੀ ਦੇ ਲੰਮੇ ਕੱਟ ਦੀ ਸੂਚਨਾ ਜਦ ਸਿਹਤ ਮੰਤਰੀ ਨੂੰ ਮਿਲੀ ਤਾਂ ਉਹਨਾਂ ਤੁਰੰਤ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਦੂਜੇ ਪਾਸੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਵੀ ਦਿੱਤੇ ਹਨ। ਦੱਸ ਦੇਈਏ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਆਪਣੇ ਵੱਡੇ ਜਨਰੇਟਰ ਵੀ ਹਨ ਪ੍ਰੰਤੂ ਇਹ ਜਨਰੇਟਰ ਚਿੱਟਾ ਹਾਥੀ ਬਣੇ ਹੋਏ ਹਨ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਰਜਿੰਦਰਾ ਹਸਪਤਾਲ ਵਿੱਚ ਬਿਜਲੀ ਦੇ ਕੱਟ ਲੱਗਣ ਦੀ ਘਟਨਾ ਇੱਕ ਵਾਰ ਨਹੀਂ ਸਗੋਂ ਅਕਸਰ ਲੰਮੇ ਕੱਟ ਲੱਗਣ ਕਾਰਨ ਮਰੀਜ਼ਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ। ਬੀਤੀ ਰਾਤ ਵੀ ਲੰਮੇ ਕੱਟ ਲੱਗਣ ਕਾਰਨ ਮਰੀਜ਼ਾਂ ਦੇ ਵਾਰਿਸਾਂ ਨੇ ਐਮਰਜੈਂਸੀ ਦੇ ਗੇਟ ‘ਤੇ ਧਰਨਾ ਲਗਾਇਆ ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਸ਼ਾਂਤ ਕੀਤਾ ਅਤੇ ਦੇਰ ਰਾਤ ਬਿਜਲੀ ਸਪਲਾਈ ਬਹਾਲ ਕਰਵਾਈ। ਇੱਕ ਪਾਸੇ ਸਰਕਾਰ ਸੂਬੇ ‘ਚ ਉੱਚਕੋਟੀ ਦੀਆਂ ਸਿਹਤ ਸਹੂਲਤਾਂ ਦੇ ਦਾਅਵੇ ਕਰ ਰਹੀ ਹੈ ਪਰੰਤੂ ਹੈਰਾਨੀ ਇਸ ਗੱਲ ਦੀ ਹੈ ਕਿ ਖੁਦ ਸਿਹਤ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਇੱਕ ਚੋਟੀ ਦੇ ਹਸਪਤਾਲ ਦੇ ਇਹ ਹਾਲਾਤ ਹਨ ਕਿ ਐਮਰਜੈਂਸੀ ਬਿਜਲੀ ਸਪਲਾਈ ਗੁੱਲ ਹੋਣ ਦੀ ਸਥਿਤੀ ਵਿੱਚ ਕੋਈ ਬਦਲਵਾਂ ਪ੍ਰਬੰਧ ਨਹੀਂ ਹੈ। ਜੇਕਰ ਸੂਬੇ ਦੇ ਸਿਹਤ ਮੰਤਰੀ ਦੇ ਸ਼ਹਿਰ ਦੇ ਹਸਪਤਾਲਾਂ ਦੇ ਹਾਲਾਤ ਵੀ ਇੰਨੇ ਮਾੜੇ ਹਨ ਤਾਂ ਸੂਬੇ ਦੇ ਬਾਕੀ ਹਸਪਤਾਲਾਂ ਵਿੱਚ ਸਹੂਲਤਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ।