ਚੰਡੀਗੜ੍ਹ,23 ਜੁਲਾਈ, Gee98 news service
-ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਦਾ ਵੱਡਾ ਸਬੂਤ ਸਾਹਮਣੇ ਆਇਆ ਹੈ। ਰਵਾਇਤੀ ਪਾਰਟੀ ਦੀਆਂ ਸਰਕਾਰਾਂ ਮੌਕੇ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉੱਚ ਆਗੂਆਂ ‘ਤੇ ਆਪਣੀ ਮਸ਼ਹੂਰੀ ਲਈ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਦੇ ਦੋਸ਼ ਲਗਾਏ ਜਾਂਦੇ ਸਨ ਪਰੰਤੂ ਹੁਣ ਆਪਣੀ ਸਰਕਾਰ ਵਿੱਚ ਖੁਦ ਭਗਵੰਤ ਮਾਨ ਵੀ ਇਸੇ ਮਰਜ਼ ਦਾ ਸ਼ਿਕਾਰ ਹੋ ਗਏ ਹਨ। ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਨੇ ਪ੍ਰਗਟਾਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 17 ਦਸੰਬਰ 2023 ਨੂੰ ਬਠਿੰਡਾ ਦੇ ਕਸਬਾ ਮੌੜ ਮੰਡੀ ਵਿੱਚ ਕੀਤੇ ਸੂਬਾ ਸੰਮੇਲਨ ਦੇ ਨਾਮ ਉੱਤੇ ਪੰਜ ਕਰੋੜ ਤੋਂ ਵਧੇਰੇ ਖਰਚ ਕੀਤਾ ਗਿਆ ਜੋ ਸਰਕਾਰੀ ਖਜ਼ਾਨੇ ਵਿੱਚੋਂ ਦਿੱਤਾ ਗਿਆ। ਹੈਰਾਨੀਜਨਕ ਤੱਥ ਹਨ ਕਿ ਇਸ ਸੂਬਾ ਸੰਮੇਲਨ, ਜੋ ਆਮ ਆਦਮੀ ਪਾਰਟੀ ਦੀ ਰੈਲੀ ਹੀ ਸੀ, ਵਿੱਚ ਪੁੱਜੇ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੀ ਆਓ ਭਗਤ ਲਈ ਫਾਈਵ ਸਟਾਰ ਹੋਟਲਾਂ ਵਿੱਚ ਕਰੀਬ ਦੋ ਕਰੋੜ ਰੁਪਏ ਖਰਚ ਕਰ ਦਿੱਤੇ ਗਏ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਰੈਲੀ ਵਿੱਚ ਲਿਆਉਣ ਲਈ ਸਰਕਾਰੀ ਬੱਸਾਂ ‘ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਗਏ। ਮਾਨਿਕ ਗੋਇਲ ਨੇ ਪ੍ਰਗਟਾਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਭੋਜਨ ਦੀ ਵਿਵਸਥਾ ਵੀ ਸਰਕਾਰੀ ਖਜ਼ਾਨੇ ਵਿੱਚੋਂ ਹੀ ਕੀਤੀ ਗਈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਉੱਚ ਆਗੂਆਂ ਨੂੰ ਸਵਾਦਿਸ਼ਟ ਪਕਵਾਨਾਂ ‘ਤੇ ਵੀ ਖੁੱਲ੍ਹ ਕੇ ਖਰਚ ਕੀਤਾ ਗਿਆ। RTI ਐਕਟੀਵਿਸਟ ਮਾਨਿਕ ਗੋਇਲ ਦੇ ਪ੍ਰਗਟਾਵੇ ਅਨੁਸਾਰ 17 ਦਸੰਬਰ 2023 ਨੂੰ ਬਠਿੰਡਾ ਦੇ ਮੌੜ ਮੰਡੀ ਵਿੱਚ ਹੋਇਆ ਇਹ ਇਕੱਠ ਆਮ ਆਦਮੀ ਪਾਰਟੀ ਦੀ ਪ੍ਰਚਾਰ ਰੈਲੀ ਹੀ ਸੀ ਪ੍ਰੰਤੂ ਇਸ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਖਰਚਾ ਕਰਨ ਕਰਕੇ ਸੂਬਾ ਸੰਮੇਲਨ ਦਾ ਨਾਮ ਦਿੱਤਾ ਗਿਆ ਜਿਸ ਉੱਪਰ ਪੰਜ ਕਰੋੜ ਰੁਪਏ ਤੋਂ ਵਧੇਰੇ ਖਰਚਾ ਸਰਕਾਰੀ ਖਜ਼ਾਨੇ ਵਿੱਚੋਂ ਕੀਤਾ ਗਿਆ। ਇਹ ਵੀ ਤੱਥ ਸਾਹਮਣੇ ਆਏ ਹਨ ਕਿ ਇਸ ਸੰਮੇਲਨ ਦੌਰਾਨ ਵਰਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਜਹਾਜ਼ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜਹਾਜ਼ ਦਾ ਖਰਚਾ ਅਜੇ ਕੁੱਲ ਖਰਚੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਜੇਕਰ ਇਹ ਖਰਚਾ ਵੀ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਇਸ ਸੰਮੇਲਨ ਦਾ ਕੁੱਲ ਖਰਚਾ 10 ਕਰੋੜ ਤੋਂ ਵੀ ਵਧੇਰੇ ਬਣਦਾ ਹੈ। ਮਾਨਿਕ ਗੋਇਲ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਆਮ ਆਦਮੀ ਹੋਣ ਦਾ ਦਾਅਵਾ ਕਰ ਰਹੀ ਹੈ। ਦੂਜੇ ਪਾਸੇ ਰੈਲੀਆਂ ਉਤੇ ਇੰਨਾ ਖ਼ਰਚ ਕਰਕੇ ਸਰਕਾਰੀ ਖਜ਼ਾਨੇ ਉਤੇ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨੂੰ ਲੈ ਕੇ ਉਨ੍ਹਾਂ ਨੇ ਹਾਈਕੋਰਟ ਵਿੱਚ ਅਪੀਲ ਵੀ ਪਾਈ ਹੈ ਕਿ ਇਹ ਖ਼ਰਚ ਸਰਕਾਰੀ ਖਜ਼ਾਨੇ ਵਿੱਚੋਂ ਨਹੀਂ ਸਗੋਂ ਆਮ ਆਦਮੀ ਪਾਰਟੀ ਖੁਦ ਆਪਣੀ ਜੇਬ ਵਿਚੋਂ ਦੇਵੇ, ਨਾ ਕਿ ਪੰਜਾਬ ਦੇ ਲੋਕਾਂ ਉਤੇ ਇਸ ਦਾ ਬੋਝ ਪਾਇਆ ਜਾਵੇ।








