ਚੰਡੀਗੜ੍ਹ,23 ਅਗਸਤ, Gee98 news service
-ਕਲਕੱਤਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਡਾਕਟਰ ਨਾਲ ਮੰਦਭਾਗੀ ਘਟਨਾ ਵਾਪਰਨ ਤੋਂ ਬਾਅਦ ਵੀ ਪੰਜਾਬ ‘ਚ ਸਰਕਾਰੀ ਹਸਪਤਾਲਾਂ ਦੀ ਸੁਰੱਖਿਆ ਅਤੇ ਅੰਦਰੂਨੀ ਪ੍ਰਬੰਧਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਰੂਪਨਗਰ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਜੋ ਸਪੱਸ਼ਟ ਕਰਦੀ ਹੈ ਕਿ ਪੰਜਾਬ ਦੇ ਸਿਹਤ ਵਿਭਾਗ ਨੇ ਕਲਕੱਤਾ ਵਰਗੀ ਘਟਨਾ ਤੋਂ ਵੀ ਸਬਕ ਨਹੀਂ ਸਿੱਖਿਆ। ਰੂਪਨਗਰ (ਰੋਪੜ) ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਮਰੀਜ਼ ਦੀ ਪਤਨੀ ਦੀ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਨੇ ਮਰੀਜ਼ਾਂ ਦੇ ਵਾਰਡ ਦੇ ਬਾਥਰੂਮ ਵਿੱਚ ਇਸ਼ਨਾਨ ਕਰ ਰਹੀ ਇੱਕ ਮਰੀਜ਼ ਦੀ ਪਤਨੀ ਦੀ ਨਗਨ ਵੀਡੀਓ ਬਣਾ ਲਈ, ਇਸ ਤੋਂ ਬਾਅਦ ਹਸਪਤਾਲ ‘ਚ ਹੰਗਾਮਾ ਹੋ ਗਿਆ। ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਦੇ ਮੈਡੀਕਲ ਵਾਰਡ ਵਿੱਚ ਦਾਖ਼ਲ ਮਰੀਜ਼ ਦੀ ਪਤਨੀ ਉਸ ਦੀ ਦੇਖਭਾਲ ਲਈ ਰਹਿ ਰਹੀ ਹੈ। ਬੁੱਧਵਾਰ ਰਾਤ ਕਰੀਬ 1 ਵਜੇ ਔਰਤ ਵਾਰਡ ‘ਚ ਬਾਥਰੂਮ ‘ਚ ਨਹਾਉਣ ਗਈ ਸੀ। ਇਸ ਦੌਰਾਨ ਇਕ ਵਿਅਕਤੀ ਨੇ ਉਸ ਦੇ ਨਹਾਉਂਦੇ ਹੋਏ ਦੀ ਵੀਡੀਓ ਬਣਾ ਲਈ। ਹਸਪਤਾਲ ਵਿੱਚ ਦਾਖ਼ਲ ਮਰੀਜ਼ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਬਾਥਰੂਮ ਵਿੱਚ ਨਹਾ ਰਹੀ ਸੀ ਤਾਂ ਇੱਕ ਵਿਅਕਤੀ ਨੇ ਲੁਕ-ਛਿਪ ਕੇ ਉਸ ਦੀ ਵੀਡੀਓ ਬਣਾ ਲਈ। ਇਸ ਤੋਂ ਬਾਅਦ ਦੋਸ਼ੀ ਨੇ ਉਹ ਵੀਡੀਓ ਉਸ ਦੀ ਪਤਨੀ ਨੂੰ ਵੀ ਦਿਖਾਈ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ। ਇਹ ਮਾਮਲਾ ਧਿਆਨ ਵਿੱਚ ਲਿਆਉਣ ਤੋਂ ਬਾਅਦ ਸਿਵਲ ਸਰਜਨ ਡਾ: ਤਰਸੇਮ ਸਿੰਘ ਨੇ ਪੁਲਿਸ ਨੂੰ ਕਾਰਵਾਈ ਕਰਨ ਲਿਖਿਆ । ਦੂਜੇ ਪਾਸੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।









