Skip to main content

Gee 98News

ਬਰਨਾਲੇ ਵਾਲਿਓ ਧਿਆਨ ਦੇਵੋ…ਹੁਣ ਬਿਨਾਂ ਮਨਜ਼ੂਰੀ ਤੋਂ ਮੈਰਿਜ ਪੈਲੇਸਾਂ ਵਿੱਚ ਨਹੀਂ ਚੱਲਣਗੇ ਪਟਾਕੇ…ਹੋਵੇਗੀ ਕਾਰਵਾਈ

ਦੀਵਾਲੀ ਮੌਕੇ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੰਸਾਂ ਵਾਸਤੇ ਡਰਾਅ 22 ਅਕਤੂਬਰ ਨੂੰ ਨਿਕਲੇਗਾ

ਬਰਨਾਲਾ, 10 ਅਕਤੂਬਰ ( ਨਿਰਮਲ ਸਿੰਘ ਪੰਡੋਰੀ)-‌

ਹੁਣ ਮੈਰਿਜ ਪੈਲੇਸਾਂ ਵਿੱਚ ਪਟਾਕੇ ਚਲਾਉਣ ਵਾਲੇ ਕਾਨੂੰਨੀ ਕਾਰਵਾਈ ‘ਚ ਫਸ ਸਕਦੇ ਹਨ ਕਿਉਂਕਿ ਬਰਨਾਲਾ ਜ਼ਿਲ੍ਹੇ ਦੀ ਹੱਦ ਅੰਦਰ ਵਿਆਹ ਜਾਂ ਹੋਰ ਖੁਸ਼ੀ ਦੇ ਮੌਕਿਆਂ ‘ਤੇ ਪਟਾਕੇ ਚਲਾਉਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਹੁਕਮ ਜਾਰੀ ਕਰ ਦਿੱਤੇ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਰਦਾਰ ਹਰਪ੍ਰੀਤ ਸਿੰਘ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਮੈਰਿਜ ਪੈਲੇਸਾਂ ਵਿੱਚ ਵਿਆਹ ਅਤੇ ਹੋਰ ਸਮਾਗਮਾਂ ਦੇ ਮੌਕੇ ਪਟਾਕੇ ਚਲਾਉਣ ਲਈ ਵੱਖਰਾ ਲਾਇਸੰਸ ਲੈਣਾ ਹੋਵੇਗਾ, ਜਿਸ ਦੀ ਪੂਰਨ ਜ਼ਿੰਮੇਵਾਰੀ ਮੈਰਿਜ ਪੈਲੇਸ ਦੇ ਮਾਲਕ ਦੀ ਹੋਵੇਗੀ। ਇਸ ਤਰ੍ਹਾਂ ਹੁਣ ਜ਼ਿਲ੍ਹੇ ਦੀ ਹੱਦ ਅੰਦਰ ਮੈਰਿਜ ਪੈਲੇਸਾਂ ‘ਚ ਹੋਣ ਵਾਲੇ ਸਮਾਗਮਾਂ ‘ਚ ਬਿਨਾਂ ਲਾਇਸੰਸ ਤੋਂ ਪਟਾਕੇ ਨਹੀਂ ਚਲਾਏ ਜਾ ਸਕਣਗੇ ਅਤੇ ਜੇਕਰ ਕਿਧਰੇ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਮਿਲਦੀ ਹੈ ਤਾਂ ਮੈਰਿਜ ਪੈਲੇਸਾਂ ਦੇ ਮਾਲਕ ਕਾਨੂੰਨੀ ਘੇਰੇ ਵਿੱਚ ਫਸ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਦੀਵਾਲੀ/ਗੁਰਪੁਰਬ ਦੇ ਤਿਉਹਾਰ ਨੂੰ ਵੇਖਦੇ ਹੋਏ ਪਟਾਕਿਆਂ ਦੇ ਆਰਜ਼ੀ ਲਾਇਸੰਸ ਲਈ ਅਪਲਾਈ ਕਰਨ ਵਾਲਿਆਂ ਲਈ ਡਰਾਅ ਕੱਢਣ ਲਈ ਵੀ 22 ਅਕਤੂਬਰ ਦੀ ਤਾਰੀਕ ਨਿਸ਼ਚਿਤ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਾਪਤ ਹੋਈਆਂ ਦਰਖ਼ਾਸਤਾਂ ਅਨੁਸਾਰ ਡਰਾਅ ਰਾਹੀਂ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਆਮ ਪਬਲਿਕ ਪਟਾਕਿਆਂ ਦੀ ਵਿਕਰੀ ਲਈ 14 ਅਕਤੂਬਰ ਤੋਂ 16 ਅਕਤੂਬਰ ਤੱਕ ਅਸਥਾਈ ਲਾਇਸੰਸ ਲੈਣ ਲਈ ਸੇਵਾ ਕੇਂਦਰਾਂ ‘ਤੇ ਅਪਲਾਈ ਕੀਤਾ ਜਾ ਸਕੇਗਾ ਜਿਸ ਸਬੰਧੀ 22 ਅਕਤੂਬਰ ਨੂੰ ਸਵੇਰੇ 11 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਰਾਅ ਕੱਢਿਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਟਾਕੇ ਵੇਚਣ ਲਈ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।

Gee98 Ads
error: Content is protected !!