ਬਰਨਾਲਾ ,20 ਜਨਵਰੀ (ਨਿਰਮਲ ਸਿੰਘ ਪੰਡੋਰੀ)-
-ਪਰਜਾ ਮੰਡਲ ਦੇ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ‘ਤੇ ਪੰਜਾਬ ਦੇ ਮੁੱਖ ਮੰਤਰੀ ਦੀ ਗ਼ੈਰਹਾਜ਼ਰੀ ਇਸ ਵਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉੰਝ ਭਾਵੇਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਵਿਖੇ ਮਨਾਈ ਜਾ ਰਹੇ ਇਸ ਬਰਸੀ ਸਮਾਗਮ ਵਿੱਚ ਪਿਛਲੇ ਮੁੱਖ ਮੰਤਰੀ ਵੀ ਹਰ ਵਾਰੀ ਨਹੀਂ ਆਉਂਦੇ ਰਹੇ ਪ੍ਰੰਤੂ ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਜ਼ਰੂਰ ਆਉਣਗੇ ਅਤੇ ਪਿੰਡ ਠੀਕਰੀਵਾਲਾ ਵਿਖੇ ਪਿਛਲੇ ਦੋ ਸਾਲਾਂ ਤੋਂ ਫਸਿਆ ਹੋਇਆ ਨਰਸਿੰਗ ਕਾਲਜ ਦਾ ਗੱਡਾ ਜ਼ਰੂਰ ਕੱਢਣਗੇ। ਦੱਸ ਦੇਈਏ ਕਿ 2023 ਦੇ ਬਰਸੀ ਸਮਾਗਮਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਵਿੱਚ ਨਰਸਿੰਗ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ ਪਰੰਤੂ ਦੋ ਸਾਲ ਬੀਤਣ ਦੇ ਬਾਵਜੂਦ ਵੀ ਮੁੱਖ ਮੰਤਰੀ ਦਾ ਇਹ ਐਲਾਨ ਸਿਰਫ ਐਲਾਨ ਹੀ ਬਣਿਆ ਹੋਇਆ ਹੈ। ਹਲਕਾ ਵਿਧਾਇਕ ਵੱਲੋਂ ਭਾਵੇਂ ਪਿੰਡ ਦੇ ਲੋਕਾਂ ਨੂੰ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਨਰਸਿੰਗ ਕਾਲਜ ਜ਼ਰੂਰ ਬਣਾਇਆ ਜਾਵੇਗਾ ਪਰੰਤੂ ਲੋਕਾਂ ਨੂੰ ਇਹ ਗੱਲਾਂ ਲੀਡਰਾਂ ਦੇ ਲਾਰਿਆਂ ਵਾਂਗ ਹੀ ਲੱਗ ਰਹੀਆਂ ਹਨ। ਚਰਚਾ ਇਹ ਵੀ ਹੈ ਕਿ ਪਿੰਡ ਦੇ ਲੋਕਾਂ ਸਮੇਤ ਹਲਕੇ ਦੇ ਲੋਕਾਂ ਦੇ ਮਨਾਂ ਵਿੱਚ ਇਹ ਨਾਰਾਜ਼ਗੀ ਹੈ ਕਿ ਨਰਸਿੰਗ ਕਾਲਜ ਸਬੰਧੀ ਮੁੱਖ ਮੰਤਰੀ ਵੱਲੋਂ ਖੁਦ ਐਲਾਨ ਕੀਤੇ ਜਾਣ ਦੇ ਬਾਵਜੂਦ ਵੀ ਲੋਕਾਂ ਦੀ ਇਹ ਮੰਗ ਪੂਰੀ ਨਹੀਂ ਹੋਈ। ਅਧਿਕਾਰੀਆਂ ਅਨੁਸਾਰ ਨੇੜ ਭਵਿੱਖ ਵਿੱਚ ਵੀ ਨਰਸਿੰਗ ਕਾਲਜ ਦੀ ਯੋਜਨਾ ‘ਤੇ ਜਲਦੀ ਕੰਮ ਸ਼ੁਰੂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਇਹ ਵੱਖਰੀ ਗੱਲ ਇਹ ਕਿ ਜੇਕਰ ਜ਼ਿੰਮੇਵਾਰ ਲੋਕ ਦਿਨ ਰਾਤ ਮਿਹਨਤ ਕਰਨ ਤਾਂ ਨਰਸਿੰਗ ਕਾਲਜ ਦੀ ਪੂਣੀ ਕੱਤਣ ਦਾ ਕੰਮ ਸ਼ੁਰੂ ਹੋ ਸਕਦਾ ਹੈ। ਬਹਰਰਾਲ ! 19 ਜਨਵਰੀ ਬਰਸੀ ਸਮਾਗਮਾਂ ‘ਤੇ ਸੱਤਾਧਾਰੀ ਪਾਰਟੀ ਦਾ ਦਿਨ ਹੁੰਦਾ ਹੈ ਜਿਸ ਦਿਨ ਸੱਤਾਧਾਰੀ ਪਾਰਟੀ ਦੇ ਵੱਡੇ ਆਗੂ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਂਦੇ ਹਨ। ਇਸ ਵਾਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ‘ਸਰਦਾਰ ਜੀ’ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਪਰੰਤੂ ਮੁੱਖ ਮੰਤਰੀ ਦੀ ਗ਼ੈਰ ਹਾਜ਼ਰੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਝੂਠ ਨਾ ਬੋਲਣ ਦੇ ਦਾਅਵੇ ਕਰਨ ਵਾਲਿਆਂ ਨੇ ਸਟੇਜ ‘ਤੇ ਇਹ ਵੱਡਾ ਝੂਠ ਬੋਲਿਆ ਕਿ ਮੁੱਖ ਮੰਤਰੀ ਦਿੱਲੀ ਚੋਣਾਂ ਵਿੱਚ ਬਿਜ਼ੀ ਹਨ, ਜਦ ਕਿ 19 ਜਨਵਰੀ 2025 ਐਤਵਾਰ ਮੁੱਖ ਮੰਤਰੀ ਪੰਜਾਬ ‘ਚ ਹੀ ਸਨ ਅਤੇ ਉਹ ਬਰਨਾਲਾ ਤੋਂ ਕੁਝ ਹੀ ਦੂਰੀ ‘ਤੇ ਮੋਗਾ ਵਿਖੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀਆਂ ਦੋ ਉੱਪਰਲੀਆਂ ਬਿਲਡਿੰਗਾਂ ਦਾ ਨੀਂਹ ਪੱਥਰ ਵੀ ਰੱਖ ਕੇ ਗਏ ਹਨ। ਮੁੱਖ ਮੰਤਰੀ ਨੇ ਮੋਗਾ ਵਿਖੇ ਚੰਗਾ ਸਮਾਂ ਬਤੀਤ ਕੀਤਾ ਜੇਕਰ ਉਹ ਚਾਹੁੰਦੇ ਤਾਂ ਇੱਕ ਘੰਟੇ ਦੀ ਦੂਰੀ ਤੈਅ ਕਰਕੇ ਫਿਰ ਠੀਕਰੀਵਾਲਾ ਵਿਖੇ ਵੀ ਆ ਸਕਦੇ ਸਨ ਪ੍ਰੰਤੂ ਚਰਚਾ ਹੈ ਕਿ ਨਰਸਿੰਗ ਕਾਲਜ ਕਰਕੇ ਪਿੰਡ ਅਤੇ ਖੇਤਰ ਦੇ ਲੋਕਾਂ ਦੀ ਨਾਰਾਜ਼ਗੀ ਦੀ ਭਿਣਕ ਦੇ ਕਾਰਨ ਹੀ ਮੁੱਖ ਮੰਤਰੀ ਇਸ ਵਾਰ ਪਿੰਡ ਠੀਕਰੀਵਾਲਾ ਵਿਖੇ ਬਰਸੀ ਸਮਾਗਮਾਂ ‘ਤੇ ਨਹੀਂ ਆਏ ਜਦਕਿ ਉਹ ਬਰਨਾਲਾ ਤੋਂ ਕੁਝ ਹੀ ਦੂਰੀ ‘ਤੇ ਹਾਜ਼ਰ ਸਨ। ਬਹਰਰਾਲ, ਵਿੱਤ ਮੰਤਰੀ ਨੇ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਇਹ ਯਕੀਨ ਦਿੱਤਾ ਕਿ ਨਰਸਿੰਗ ਕਾਲਜ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਊਠ ਦਾ ਬੁੱਲ੍ਹ ਸਰਦਾਰ ਜੀ ਦੀ ਅਗਲੀ ਬਰਸੀ ਸਮਾਗਮਾਂ ਤੋਂ ਪਹਿਲਾਂ ਡਿੱਗ ਜਾਵੇਗਾ ਜਾਂ ਫਿਰ ਲੋਕਾਂ ਦੀਆਂ ਨਜ਼ਰਾਂ ਬੁੱਲ੍ਹ ਵੱਲ ਹੀ ਟਿੱਕੀਆਂ ਰਹਿਣਗੀਆਂ।
ਫੋਟੋ ਕੈਪਸ਼ਨ-ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 19 ਜਨਵਰੀ 2025 ਨੂੰ ਨੀਹ ਪੱਥਰ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਜੀ।










