ਚੰਡੀਗੜ੍ਹ,19 ਜਨਵਰੀ, Gee98 News service
-ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਅਧਾਰਤ ਬਣੀ ਫਿਲਮ “ਪੰਜਾਬ 95” ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ। ਭਾਰਤੀ ਸੈਂਸਰ ਬੋਰਡ ਨੇ “ਪੰਜਾਬ 95” ਨੂੰ ਭਾਰਤ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਕਲਾਕਾਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਇਹ ਫਿਲਮ ਇੱਕ ਸਾਲ ਤੋਂ ਸੈਂਸਰ ਬੋਰਡ ਕੋਲ ਅਟਕੀ ਹੋਈ ਸੀ। ਸੈਂਸਰ ਬੋਰਡ ਨੇ ਫਿਲਮ ਦੇ ਡਾਇਰੈਕਟਰ ਨੂੰ ਸਾਰੀ ਫਿਲਮ ਵਿੱਚ 120 ਕੱਟ ਲਗਾਉਣ ਲਈ ਕਿਹਾ ਸੀ ਪ੍ਰੰਤੂ ਫਿਲਮ ਦੇ ਡਾਇਰੈਕਟਰ ਤੇ ਹੋਰ ਸਟਾਰ ਕਾਸਟ ਨੇ ਫਿਲਮ ਵਿੱਚ ਕੋਈ ਵੀ ਕੱਟ ਲਗਾਉਣ ਤੋਂ ਇਨਕਾਰ ਕਰ ਦਿੱਤਾ। ਜਸਵੰਤ ਸਿੰਘ ਖਾਲੜਾ ਦੀ ਪਤਨੀ ਨੇ ਵੀ ਪੰਜਾਬ 95 ਫਿਲਮ ਨੂੰ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਕਰਨ ਦੀ ਵਕਾਲਤ ਕੀਤੀ। ਜਿਸ ਤੋਂ ਬਾਅਦ ਫਿਲਮ ਦੇ ਡਾਇਰੈਕਟਰ ਅਤੇ ਸਮੁੱਚੀ ਸਟਾਰ ਕਾਸਟ ਨੇ ਪੰਜਾਬ 95 ਨੂੰ ਬਿਨਾਂ ਕੋਈ ਕੱਟ ਲਗਾਏ ਰਿਲੀਜ਼ ਕਰਨ ਦਾ ਫੈਸਲਾ ਕੀਤਾ ਪ੍ਰੰਤੂ ਭਾਰਤੀ ਸੈਂਸਰ ਬੋਰਡ ਦੇ ਮਨਜ਼ੂਰੀ ਨਾ ਮਿਲਣ ਕਾਰਨ ਹੁਣ ਇਹ ਫਿਲਮ ਭਾਰਤ ਵਿੱਚ ਕਿਧਰੇ ਵੀ ਰਿਲੀਜ਼ ਨਹੀਂ ਹੋ ਸਕੇਗੀ। ਦੱਸ ਦੇਈਏ ਕਿ ਜਸਵੰਤ ਸਿੰਘ ਖਾਲੜਾ ਨੇ 1980-90 ਵਿਆਂ ਦੇ ਦੌਰਾਨ ਪੰਜਾਬ ‘ਚ ਚੱਲੀ ਖਾੜਕੂ ਲਹਿਰ ਦੌਰਾਨ ਲਾਪਤਾ ਹੋਏ ਸਿੱਖ ਨੌਜਵਾਨਾਂ ਸਬੰਧੀ ਸਨਸਨੀਖੇਜ ਖੁਲਾਸੇ ਕੀਤੇ ਸਨ। ਜਸਵੰਤ ਸਿੰਘ ਖਾਲੜਾ ਅਨੁਸਾਰ ਹਜ਼ਾਰਾਂ ਦੀ ਗਿਣਤੀ ‘ਚ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਸਕਾਰ ਕੀਤਾ ਗਿਆ। ਇਹਨਾਂ ਲਾਵਾਰਿਸ ਨੌਜਵਾਨਾਂ ਦੀ ਭਾਲ ਵਿੱਚ 6 ਸਤੰਬਰ 1995 ਨੂੰ ਜਸਵੰਤ ਸਿੰਘ ਖਾਲੜਾ ਖੁਦ ਹੀ ਲਾਪਤਾ ਹੋ ਗਏ ਸਨ। ਖਾਲੜਾ ਦੀ ਜ਼ਿੰਦਗੀ ‘ਤੇ ਬਣੀ ਫਿਲਮ ਪੰਜਾਬ 95 ਰਿਲੀਜ਼ ਹੋਣ ਤੋਂ ਪਹਿਲਾਂ ਹੀ ਚਰਚਾ ਵਿੱਚ ਹੈ।









