ਚੰਡੀਗੜ੍ਹ, 5 ਜੁਲਾਈ, Gee98 News service
-ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਭੁੱਚੋ ਦੇ ਡੀਐਸਪੀ ਦੇ ਰੀਡਰ ਰਾਜ ਕੁਮਾਰ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਫੜੇ ਜਾਣ ਦਾ ਚਰਚਾ ਵਿੱਚ ਹੈ। ਇਸ ਮਾਮਲੇ ‘ਚ ਵਿਜੀਲੈਂਸ ਬਿਊਰੋ ਬਠਿੰਡਾ ਸਵਾਲਾਂ ਦੇ ਘੇਰੇ ਵਿੱਚ ਹੈ। ਵਿਜੀਲੈਂਸ ਨੇ ਸ਼ਿਕਾਇਤ ਦੇ ਆਧਾਰ ‘ਤੇ ਡੀਐਸਪੀ ਭੁੱਚੋ ਦੇ ਰੀਡਰ ਨੂੰ ਲੱਖ ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕਰਨ ਮੌਕੇ ਰਿਸ਼ਵਤ ਦੀ ਇਹ ਰਕਮ ਡੀਐਸਪੀ ਭੁੱਚੋ ਦੀ ਗੱਡੀ ਵਿੱਚੋਂ ਬਰਾਮਦ ਕੀਤੀ ਸੀ ਪ੍ਰੰਤੂ ਰੀਡਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਦਿਨ ਬੀਤਣ ਦੇ ਬਾਵਜੂਦ ਵੀ ਡੀਐਸਪੀ ਦੀ ਗੱਡੀ ਵਿੱਚੋਂ ਰਿਸ਼ਵਤ ਦੀ ਰਕਮ ਬਰਾਮਦ ਹੋਣ ਦੇ ਮਾਮਲੇ ਨੂੰ ਵਿਜੀਲੈਂਸ ਨੇ ਪੜ੍ਹਤਾਲ ਦਾ ਹਿੱਸਾ ਨਹੀਂ ਬਣਾਇਆ, ਜਿਸ ਤੋਂ ਬਾਅਦ ਇਹ ਚੁੰਝ ਚਰਚਾ ਆਮ ਹੀ ਹੋ ਰਹੀ ਹੈ ਕਿ ਵੱਡੇ ਸਾਬ੍ਹ ‘ਤੇ ਕਾਰਵਾਈ ਕਰਨ ਦੀ ਬਜਾਏ ਵਿਜੀਲੈਂਸ ਦੀ ਮਿਹਰਬਾਨੀ ਹੋ ਗਈ ਲੱਗਦੀ ਹੈ। ਰਿਸ਼ਵਤ ਦੇ ਪੈਸੇ ਡੀਐਸਪੀ ਦੀ ਗੱਡੀ ‘ਚੋਂ ਬਰਾਮਦ ਹੋਣ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਇਸ ਮਾਮਲੇ ‘ਚ ਵਿਜੀਲੈਂਸ ਵੱਲੋਂ ਡੀਐਸਪੀ ਨੂੰ ਤਲਬ ਕੀਤਾ ਜਾ ਸਕਦਾ ਹੈ ਪ੍ਰੰਤੂ ਅਜਿਹਾ ਨਹੀਂ ਹੋਇਆ ਜਿਸ ਤੋਂ ਬਾਅਦ ਵਿਜੀਲੈਂਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉੱਠ ਰਹੇ ਹਨ।
ਚਰਚਾ ਇਹ ਵੀ ਹੈ ਕਿ ਰਿਮਾਂਡ ਦੌਰਾਨ ਰੀਡਰ ਰਾਜਕੁਮਾਰ ਤੋਂ ਪੁੱਛ ਪੜ੍ਹਤਾਲ ਦੌਰਾਨ ਵਿਜੀਲੈਂਸ ਨੂੰ ਕਾਫੀ ਸੁਰਾਗ ਮਿਲੇ ਹਨ ਜੋ ਡੀਐਸਪੀ ਭੁੱਚੋ ਦੀ ਇਸ ਮਾਮਲੇ ‘ਚ ਸ਼ਮੂਲੀਅਤ ਸਿੱਧ ਕਰਦੇ ਹਨ ਪ੍ਰੰਤੂ ਵਿਜੀਲੈਂਸ ਨੇ ਪੜ੍ਹਤਾਲ ਦੀ ਸੂਈ ਡੀਐਸਪੀ ਵੱਲ ਨਹੀਂ ਸੇਧੀ। ਡੀਐਸਪੀ ਭੁੱਚੋ ਦੀ ਗੱਡੀ, ਜਿਸ ਵਿੱਚ ਰਿਸ਼ਵਤ ਦੀ ਰਕਮ ਬਰਾਮਦ ਹੋਈ, ਨੂੰ ਕੇਸ ਦੀ ਪ੍ਰੋਪਰਟੀ ਬਣਾਉਣ ਜਾਂ ਨਾ ਬਣਾਉਣ ਸਬੰਧੀ ਵੀ ਵਿਜੀਲੈਂਸ ਦੇ ਡੀਐਸਪੀ ਸੰਦੀਪ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ।
ਦੱਸ ਦੇਈਏ ਕਿ 4 ਜੁਲਾਈ ਸ਼ੁੱਕਰਵਾਰ ਨੂੰ ਵਿਜੀਲੈਂਸ ਨੇ ਰੀਡਰ ਰਾਜਕੁਮਾਰ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ‘ਚ ਪੇਸ਼ ਕਰਕੇ ਇੱਕ ਦਿਨ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਪਰੰਤੂ ਅਦਾਲਤ ਨੇ ਰਿਮਾਂਡ ਦੇਣ ਦੀ ਬਜਾਏ ਦੋਸ਼ੀ ਨੂੰ ਜੇਲ ਭੇਜਣ ਦੇ ਹੁਕਮ ਦੇ ਦਿੱਤੇ। ਸਵਾਲ ਇਹ ਵੀ ਉੱਠਦੇ ਹਨ ਕਿ ਰੀਡਰ ਨੇ ਰਿਸ਼ਵਤ ਦੀ ਰਕਮ ਡੀਐਸਪੀ ਦੀ ਗੱਡੀ ਵਿੱਚ ਹੀ ਕਿਉਂ ਰੱਖੀ। ਜੇਕਰ ਰੀਡਰ ਨੇ ਬਿਨਾਂ ਡੀਐਸਪੀ ਦੀ ਸ਼ਮੂਲੀਅਤ ਤੋਂ ਰਿਸ਼ਵਤ ਲਈ ਤਾਂ ਉਹ ਰਿਸ਼ਵਤ ਦੀ ਰਕਮ ਕਿਤੇ ਹੋਰ ਵੀ ਰੱਖ ਸਕਦਾ ਸੀ ਪ੍ਰੰਤੂ ਡੀਐਸਪੀ ਦੀ ਗੱਡੀ ਵਿੱਚੋਂ ਰਿਸ਼ਵਤ ਦੀ ਰਕਮ ਬਰਾਮਦ ਹੋਣ ਤੋਂ ਬਾਅਦ ਇਸ ਰਿਸ਼ਵਤ ਕਾਂਡ ਵਿੱਚ ਡੀਐਸਪੀ ਦੀ ਮਿਲੀਭੁਗਤ ਸਪੱਸ਼ਟ ਜ਼ਾਹਰ ਹੁੰਦੀ ਹੈ।
ਸਵਾਲ ਇਹ ਵੀ ਉੱਠਦੇ ਹਨ ਕਿ ਇੱਕ ਹੌਲਦਾਰ ਰੈਂਕ ਦਾ ਮੁਲਾਜ਼ਮ ਇੱਕ ਅਜਿਹੇ ਕੇਸ ਵਿੱਚ ਪੀੜ੍ਹਤ ਧਿਰ ਨੂੰ ਫਾਇਦਾ ਪਹੁੰਚਾਉਣ ਲਈ ਰਿਸ਼ਵਤ ਕਿਵੇਂ ਲੈ ਸਕਦਾ ਹੈ ਜਿਸ ਦੀ ਪੜ੍ਹਤਾਲ ਵੱਡੇ ਸਾਬ੍ਹ ਕੋਲ ਹੋਵੇ। ਦੂਜੇ ਪਾਸੇ ਵਿਜੀਲੈਂਸ ਦੀ ਇੰਸਪੈਕਟਰ ਰਾਜਨਪ੍ਰੀਤ ਕੌਰ ਨੇ ਕਿਹਾ ਕਿ ਡੀਐਸਪੀ ਭੁੱਚੋ ਦੀ ਕਾਰ ਵਿਜੀਲੈਂਸ ਦੇ ਕਬਜ਼ੇ ਹੇਠ ਹੈ ਤੇ ਇਸ ਮਾਮਲੇ ਦੀ ਡੁੰਘਾਈ ਨਾਲ ਪੜ੍ਹਤਾਲ ਕੀਤੀ ਜਾ ਰਹੀ ਹੈ ਪ੍ਰੰਤੂ ਇਸ ਮਾਮਲੇ ਵਿੱਚ ਡੀਐਸਪੀ ਦੀ ਸ਼ਮੂਲੀਅਤ ਸਬੰਧੀ ਪੜ੍ਹਤਾਲ ਵਿੱਚ ਹੋ ਰਹੀ ਦੇਰੀ ਵਿਜੀਲੈਂਸ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਰਹੀ ਹੈ। ਲੋਕ ਪਹਿਲਾਂ ਹੀ ਇਹ ਚਰਚਾ ਕਰ ਰਹੇ ਹਨ ਕਿ ਪੜ੍ਹਤਾਲ ਵਿੱਚ ਦੇਰੀ ਵੱਡੇ ਸਾਬ੍ਹ ਨੂੰ ਬਚਾਉਣ ਲਈ ਹੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਲਿਆਣ ਸੁੱਖਾ ਦੀ ਵਸਨੀਕ ਔਰਤ ਦੇ ਪਤੀ ਅਤੇ ਉਸਦੇ ਦੋ ਪੁੱਤਰਾਂ ਨੂੰ ਇੱਕ ਕੇਸ ਵਿੱਚੋਂ ਬਾਹਰ ਕੱਢਣ ਲਈ ਡੀਐਸਪੀ ਭੁੱਚੋ ਦੇ ਲਈ ਰਾਜਕੁਮਾਰ ਨੇ 5 ਲੱਖ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਜਿਸ ਦਾ ਸੌਦਾ ਦੋ ਲੱਖ ਵਿੱਚ ਹੋਇਆ ਤੇ ਇੱਕ ਲੱਖ ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ ਦੇਣ ਸਮੇਂ ਵਿਜੀਲੈਂਸ ਨੇ ਰਾਜਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਫੋਟੋ ਕੈਪਸ਼ਨ-ਡੀਐਸਪੀ ਦਫ਼ਤਰ ਭੁੱਚੋ ਵਿਖੇ ਰਾਜ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਮੌਕੇ ਦੀ ਤਸਵੀਰ