Gee 98News

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

ਚੰਡੀਗੜ੍ਹ,12 ਮਾਰਚ, Gee98 News service

-ਪੰਜਾਬ ‘ਚ ਘਰੇਲੂ ਗੈਸ ਸਪਲਾਈ ਦੀ ਸਮੱਸਿਆ ਵੱਡਾ ਰੂਪ ਧਾਰਨ ਕਰਦੀ ਜਾ ਰਹੀ ਹੈ। ਅਮਰੀਕਾ-ਇਜਰਾਈਲ ਅਤੇ ਇਰਾਨ ਦੀ ਜੰਗ ਦੇ ਦੌਰਾਨ ਗੈਸ ਦੀ ਸਪਲਾਈ ‘ਚ ਵਿਘਨ ਪੈ ਰਿਹਾ ਹੈ। 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਤਾਂ ਮਿਲਣੇ ਬੰਦ ਹੋ ਚੁੱਕੇ ਹਨ ਜਦਕਿ ਘਰੇਲੂ ਸਿਲੰਡਰਾਂ ਦੀ ਬੁਕਿੰਗ ਵਿੱਚ ਵੀ ਸਮੱਸਿਆ ਆ ਰਹੀ ਹੈ, ਸਰਵਰ ਡਾਊਨ ਹੋਣ ਦੇ ਕਾਰਨ OTP ਨਹੀਂ ਆ ਰਿਹਾ। ਦੂਜੇ ਪਾਸੇ ਅੰਮ੍ਰਿਤਸਰ ਤੋਂ ਇੱਕ ਅਜਿਹੀ ਖ਼ਬਰ ਆ ਰਹੀ ਹੈ ਜਿੱਥੇ ਕਿ ਗੈਸ ਏਜੰਸੀ ਦੇ ਅੱਗੇ ਲੋਕਾਂ ਦੀ ਜ਼ਿਆਦਾ ਭੀੜ ਹੋ ਗਈ ਤਾਂ ਮਾਲਕ ਨੇ ਏਜੰਸੀ ਨੂੰ ਬੰਦ ਹੀ ਕਰ ਦਿੱਤਾ, ਗੈਸ ਦੀ ਬੁੱਕ ਸਬੰਧੀ ਲੋਕਾਂ ਦੇ ਅਜਿਹੇ ਰੁਝਾਨ ਵੇਖਦੇ ਹੋਏ ਪੰਜਾਬ ‘ਚ ਹੋਰ ਥਾਵਾਂ ‘ਤੇ ਅਜਿਹੀ ਸਮੱਸਿਆ ਆਉਣ ਦੇ ਆਸਾਰ ਹਨ। ‌ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ LPG ਗੈਸ ਦੀ ਕਮੀ ਨਾ ਆਉਣ ਦਿੱਤੀ ਜਾਵੇ ਅਤੇ ਜਮਾਂ ਖੋਰੀ ਜਾਂ ਬਲੈਕ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ‌ ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ‘ਚ ਕਮਰਸ਼ੀਅਲ ਸਿਲੰਡਰ 3500 ਤੱਕ ਬਲੈਕ ‘ਚ ਵਿਕ ਰਿਹਾ ਹੈ ਜਦਕਿ ਪਹਿਲਾਂ ਇਹ 1600 ਵਿੱਚ ਮਿਲਦਾ ਸੀ। ਘਰੇਲੂ ਗੈਸ ਸਿਲਿੰਡਰ ਜਿੱਥੇ ਪਹਿਲਾਂ ਘਰੇ ਸਪਲਾਈ ਹੋ ਰਹੇ ਸਨ ਉੱਥੇ ਹੁਣ ਗੈਸ ਏਜੰਸੀਆਂ ਦੇ ਅੱਗੇ ਲੋਕ ਸਿਲੰਡਰ ਲੈ ਕੇ ਲੰਬੀਆਂ ਲੰਮੀਆਂ ਲਾਈਨਾਂ ਲਗਾ ਕੇ ਖੜੇ ਹਨ। ‌ ਐਲਪੀਜੀ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਗੁਪਤਾ ਨੇ ਕਿਹਾ ਕਿ ਘਰੇਲੂ ਗੈਸ ਸਿਲੰਡਰਾਂ ਦੀ ਕੋਈ ਕਮੀ ਨਹੀਂ ਹਰ ਏਜੰਸੀ ਵਿੱਚ ਗੈਸ ਸਿਲੰਡਰ ਹਨ ਪ੍ਰੰਤੂ ਪੋਰਟਲ ‘ਚ ਬੁਕਿੰਗ ਸ਼ੋਅ ਨਾ ਹੋਣ ਦੇ ਕਾਰਨ ਸਿਲੰਡਰ ਡਿਲਿਵਰ ਕਰਨ ‘ਚ ਸਮੱਸਿਆ ਆ ਰਹੀ ਹੈ। ਉਹਨਾਂ ਕਿਹਾ ਕਿ ਬਿਨਾਂ ਬੁਕਿੰਗ ਵੈਰੀਫਾਈ ਕੀਤੇ ਕਿਸੇ ਵੀ ਗਾਹਕ ਨੂੰ ਸਿਲੰਡਰ ਨਹੀਂ ਦੇ ਸਕਦੇ। ‌ ਇਹ ਵੀ ਵੇਖਣ ਵਿੱਚ ਆ ਰਿਹਾ ਹੈ ਕਿ ਭਾਵੇਂ ਯੁੱਧ ਦੇ ਕਾਰਨ ਗੈਸ ਦੀ ਸਪਲਾਈ ਸਬੰਧੀ ਕੋਈ ਵੱਡੀ ਸਮੱਸਿਆ ਅਜੇ ਸਾਹਮਣੇ ਨਹੀਂ ਆ ਰਹੀ ਪ੍ਰੰਤੂ ਲੋਕ ਗੁੰਮਰਾਹ ਹੋ ਕੇ ਅਤੇ ਘਬਰਾਹਟ ਵਿੱਚ ਆ ਕੇ ਜ਼ਿਆਦਾ ਬੁਕਿੰਗ ਕਰ ਰਹੇ ਹਨ, ਜਿਸ ਕਰਕੇ ਆਨਲਾਈਨ ਗੈਸ ਬੁਕਿੰਗ ਕਰਨ ਵਿੱਚ ਸਮੱਸਿਆ ਆ ਰਹੀ ਹੈ। ‌

error: Content is protected !!