ਚੰਡੀਗੜ੍ਹ,5 ਜੁਲਾਈ, Gee98 news service
-ਪੰਜਾਬ ‘ਚ ਗੈਂਗਵਾਰ ਚਿੰਤਾਜਨਕ ਪੱਧਰ ਤੱਕ ਵਧਦੀ ਜਾ ਰਹੀ ਹੈ। ਗੈਂਗਸਟਰਾਂ ਦੀ ਆਪਸੀ ਲੜਾਈ ਹੁਣ ਇੱਕ ਦੂਜੇ ਦੇ ਪਰਿਵਾਰਾਂ ਤੱਕ ਪੁੱਜ ਗਈ ਹੈ। ਗੈਂਗਸਟਰਾਂ ਦੇ ਗਰੁੱਪਾਂ ਵੱਲੋਂ ਇੱਕ ਦੂਜੇ ਦੇ ਪਰਿਵਾਰਿਕ ਮੈਂਬਰਾਂ ਦੇ ਕਤਲ ਦਾ ਸਿਲਸਿਲਾ ਜਾਰੀ ਹੈ। ਪਿਛਲੇ ਮਹੀਨੇ ਬੰਬੀਹਾ ਗਰੁੱਪ ਨੇ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਕਤਲ ਕਰ ਦਿੱਤਾ ਸੀ ਅਤੇ ਅੱਜ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਿਲ ਇੱਕ ਸ਼ੂਟਰ ਜਗਰੂਪ ਸਿੰਘ ਰੂਪਾ ਦੇ ਭਰਾ ਦਾ ਕਤਲ ਕਰ ਦਿੱਤਾ ਗਿਆ। ਇੱਕ ਮੋਟਰਸਾਈਕਲ ‘ਤੇ ਆਏ ਤਿੰਨ ਨੌਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਚੰਨਣਕੇ ਦੀ ਇੱਕ ਗਲੀ ‘ਚ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਸ਼ਾਮਿਲ ਸ਼ੂਟਰ ਜਗਰੂਪ ਸਿੰਘ ਰੂਪਾ ਦੇ ਭਰਾ ਜਗਰਾਜ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜੁਗਰਾਜ ਸਿੰਘ ਨੂੰ ਹਮਲਾਵਰਾਂ ਨੇ ਬਹੁਤ ਨੇੜੇ ਤੋਂ ਗੋਲੀਆਂ ਮਾਰੀਆਂ ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਕਤਲ ਦਾ ਕਾਰਨ ਜੱਗੂ ਭਗਵਾਨਪੁਰੀਆ ਦਾ ਸਮਰਥਨ ਦੱਸਿਆ ਜਾ ਰਿਹਾ ਹੈ। ਕਤਲ ਤੋਂ ਬਾਅਦ ਜਾਰੀ ਕੀਤੀ ਗਈ ਪੋਸਟ ਵਿੱਚ ਲਿਖਿਆ ਹੈ “ਮੇਰੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਮੈਂ ਡੋਨੀ ਬਲ, ਮੁਹੱਬਤ ਰੰਧਾਵਾ ਤੇ ਕੌਸ਼ਲ ਚੌਧਰੀ, ਚੰਨਣਕੇ ਪਿੰਡ ਵਿੱਚ ਜੁਗਰਾਜ ਸਿੰਘ ਉਰਫ਼ ਤੋਤਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ”। ਹਾਲਾਂਕਿ ਪੁਲਿਸ ਨੇ ਜ਼ਿੰਮੇਵਾਰੀ ਲੈਣ ਵਾਲੀ ਇਸ ਪੋਸਟ ਦੀ ਅਜੇ ਕੋਈ ਪੁਸ਼ਟੀ ਨਹੀਂ ਕੀਤੀ।ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਤਿੰਨਾਂ ਹਮਲਾਵਰਾਂ ਨੂੰ ਜਲਦੀ ਫੜ ਲਿਆ ਜਾਵੇਗਾ। ਪੁਲਿਸ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਅਧਾਰ ‘ਤੇ ਜਾਂਚ ਕਰ ਰਹੀ ਹੈ।