ਬਰਨਾਲਾ, 5 ਜੁਲਾਈ, (ਨਿਰਮਲ ਸਿੰਘ ਪੰਡੋਰੀ)-
ਬਰਨਾਲਾ ਜ਼ਿਲ੍ਹੇ ਦੇ ਇਤਿਹਾਸਿਕ ਪਿੰਡ ਠੀਕਰੀਵਾਲਾ ਦੇ ਇੱਕ ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਮ੍ਰਿਤਕ ਨੌਜਵਾਨ ਬੇਅੰਤ ਸਿੰਘ ਉਰਫ਼ ਜਗਤਾਰ (31) ਪੁੱਤਰ ਬਚਿੱਤਰ ਸਿੰਘ ਕਰੀਬ ਦੋ ਮਹੀਨੇ ਪਹਿਲਾਂ ਹੀ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਕੈਨੇਡਾ ਗਿਆ ਸੀ। ਬੇਅੰਤ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ। ਵਿਦੇਸ਼ੀ ਧਰਤੀ ‘ਤੇ ਆਪਣੇ ਭਰਾ ਦੀ ਮੌਤ ਹੋ ਜਾਣ ਤੋਂ ਬਾਅਦ ਭੈਣਾਂ ਆਪਣੇ ਭਰਾ ਦਾ ਆਖਰੀ ਵਾਰ ਮੂੰਹ ਵੇਖਣ ਲਈ ਵਿਲਕ ਅਤੇ ਤੜਫ ਰਹੀਆਂ ਹਨ। ਬੇਅੰਤ ਸਿੰਘ ਦੀ ਵਿਧਵਾ ਮਾਤਾ ਆਪਣੇ ਪੁੱਤਰ ਦਾ ਆਖ਼ਰੀ ਵਾਰ ਮੂੰਹ ਵੇਖਣ ਲਈ ਆਪਣੀਆਂ ਆਂਦਰਾਂ ਫੜੀ ਬੈਠੀ ਹੈ। ਇਸ ਦੁਖਦਾਈ ਘਟਨਾ ਕਾਰਨ ਸਮੁੱਚਾ ਪਿੰਡ ਠੀਕਰੀਵਾਲਾ ਸਦਮੇ ਵਿੱਚ ਹੈ। ਮ੍ਰਿਤਕ ਬੇਅੰਤ ਸਿੰਘ ਦੇ ਚਾਚਾ ਹਰਭਗਵਾਨ ਸਿੰਘ ਅਤੇ ਚਚੇਰੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਅਪ੍ਰੈਲ ਮਹੀਨੇ ਵਿੱਚ ਕੈਨੇਡਾ ਗਿਆ ਸੀ, ਜਿੱਥੇ 2 ਜੁਲਾਈ ਨੂੰ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਘਟਨਾ ਬਾਰੇ ਉਹਨਾਂ ਨੂੰ ਕੈਨੇਡਾ ਵਿੱਚ ਰਹਿ ਰਹੇ ਰਿਸ਼ਤੇਦਾਰਾਂ ਵਲੋਂ ਫ਼ੋਨ ਉੱਪਰ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਪਰਿਵਾਰ ਨੇ ਕਰਜ਼ਾ ਚੁੱਕ ਕੇ ਮ੍ਰਿਤਕ ਨੂੰ ਸੁਨਹਿਰੀ ਭਵਿੱਖ ਲਈ ਕੈਨੇਡਾ ਦੇ ਸਰੀ ਭੇਜਿਆ ਸੀ, ਪਰ ਉਥੇ ਇਹ ਦੁਖਦਾਈ ਭਾਣਾ ਵਰਤ ਗਿਆ। ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਇਸਤੋਂ ਪਹਿਲਾਂ ਵੀ 5 ਸਾਲ ਸਿੰਗਾਪੁਰ ਵਿਖੇ ਰੋਜ਼ੀ ਰੋਟੀ ਲਈ ਕਿਰਤ ਕਰਕੇ ਆਇਆ ਸੀ, ਜਿਸਤੋਂ ਬਾਅਦ ਕੈਨੇਡਾ ਗਿਆ ਸੀ। ਇਸ ਮੌਕੇ ਪਿੰਡ ਦੇ ਸਰਪੰਚ ਕਿਰਨਜੀਤ ਸਿੰਘ, ਪੰਚ ਜੀਤ ਸਿੰਘ, ਜਸਪ੍ਰੀਤ ਹੈਪੀ ਅਤੇ ਸੁਖਦੇਵ ਸਿੰਘ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਉਣ ਵਿੱਚ ਪਰਿਵਾਰ ਦੀ ਮੱਦਦ ਕੀਤੀ ਜਾਵੇ।
ਫੋਟੋ ਕੈਪਸਨ – ਮ੍ਰਿਤਕ ਬੇਅੰਤ ਸਿੰਘ ਦੀ ਫਾਈਲ ਫੋਟੋ।