ਚੰਡੀਗੜ੍ਹ,17 ਜੁਲਾਈ, Gee98 news service
-ਅਸਾਮ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਤੋਂ ਬਾਅਦ ਇਹ ਖਦਸ਼ਾ ਪੈਦਾ ਹੋ ਗਿਆ ਸੀ ਕਿ ਪੰਜਾਬ ‘ਚ ਗੈਂਗਵਾਰ ਹੁਣ ਇੱਕ ਖਤਰਨਾਕ ਰੂਪ ਧਾਰਨ ਕਰੇਗੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਮੁਸ਼ਤੈਦ ਹੋਈ ਅਤੇ ਪੁਲਿਸ ਨੇ ਜੱਗੂ ਭਗਵਾਨਪੁਰੀਆ ਦੇ ਪੰਜ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਜਿਹੜੇ ਜੱਗੂ ਦੀ ਮਾਂ ਦੇ ਕਤਲ ਦਾ ਬਦਲਾ ਲੈਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਨੇ ਸਿਕੰਦਰ ਕੁਮਾਰ ਉਰਫ਼ ਗੋਲਾ, ਓਂਕਾਰਪ੍ਰੀਤ ਉਰਫ਼ ਜੱਸਨ, ਗਗਨਦੀਪ ਉਰਫ਼ ਗਿਆਨੀ ਅਤੇ ਲਵਪ੍ਰੀਤ ਸਿੰਘ ਸ਼ਾਮਲ ਹਨ ਜਿਨਾਂ ਤੋਂ ਦੋ ਆਧੁਨਿਕ ਹਥਿਆਰ, ਪੰਜ ਐਕਸ-ਫਾਈਵ ਪਿਸਤੌਲ ਅਤੇ ਇੱਕ .32 ਬੋਰ ਹਥਿਆਰ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਇਹਨਾਂ ਦੇ ਖਿਲਾਫ ਪੁਲਿਸ ਸਟੇਸ਼ਨ ਰੰਗੜ ਨੰਗਲ, ਬਟਾਲਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।
ਦੱਸ ਦੇਈਏ ਕਿ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਦੀ ਜ਼ਿੰਮੇਵਾਰੀ ਉਸਦੇ ਵਿਰੋਧੀ ਗੈਂਗਸਟਰ ਗਰੁੱਪ ਬੰਬੀਹਾ ਗਰੁੱਪ ਨੇ ਲਈ ਸੀ, ਭਾਵੇਂ ਕਿ ਬੰਬੀਹਾ ਗਰੁੱਪ ਨੇ ਕਤਲ ਤੋਂ ਬਾਅਦ ਇੱਕ ਪੋਸਟ ਪਾ ਕੇ ਕਿਹਾ ਸੀ ਕਿ ਜੱਗੂ ਦੀ ਮਾਂ ਦਾ ਕਤਲ ਉਹਨਾਂ ਦੇ ਨਿਸ਼ਾਨੇ ‘ਤੇ ਨਹੀਂ ਸੀ ਜੋ ਅਚਾਨਕ ਹੋਇਆ ਪਰੰਤੂ ਇਹ ਮੰਨਿਆ ਜਾ ਰਿਹਾ ਸੀ ਕਿ ਜੱਗੂ ਦੇ ਗਰੁੱਪ ਵੱਲੋਂ ਕੋਈ ਵੱਡਾ ਐਕਸ਼ਨ ਕੀਤਾ ਜਾਵੇਗਾ। ਗੈਂਗਸਟਰਾਂ ਵੱਲੋਂ ਇੱਕ ਦੂਜੇ ਦੇ ਪਰਿਵਾਰਿਕ ਮੈਂਬਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਚਿੰਤਾ ਸਿਰਫ਼ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਤੱਕ ਹੀ ਸੀਮਤ ਨਹੀਂ ਸਗੋਂ ਇਹ ਆਮ ਲੋਕਾਂ ਲਈ ਵੀ ਇੱਕ ਵੱਡੀ ਚਿੰਤਾ ਹੈ ਕਿ ਪੰਜਾਬ ਭਰਾ ਮਾਰੂ ਜੰਗ ਦੇ ਦੌਰ ਵੱਲ ਵਧ ਰਿਹਾ ਹੈ। ਇਹਨਾਂ ਗੈਂਗਸਟਰਾਂ ਵੱਲੋਂ ਵਾਰਦਾਤਾਂ ਸਮੇਂ ਵਰਤੇ ਜਾਂਦੇ ਹਥਿਆਰਾਂ ਦੀ ਕਿਸਮ ਨੇ ਪੁਲਿਸ ਦੀ ਚਿੰਤਾ ਹੋਰ ਵਧਾਈ ਹੋਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਖਤਰਨਾਕ ਹਥਿਆਰ ਪੰਜਾਬ ‘ਚ ਬੈਠੇ ਇਹਨਾਂ ਗੈਂਗਸਟਰਾਂ ਤੱਕ ਕਿੱਥੋਂ ਅਤੇ ਕਿਵੇਂ ਪੁੱਜ ਰਹੇ ਹਨ। ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਦਾ ਬਦਲਾ ਲੈਣ ਦੀ ਯੋਜਨਾ ਨੂੰ ਸਿਰੇ ਚਾੜਨ ਦਾ ਯਤਨ ਕਰਨ ਵਾਲੇ ਗੈਂਗਸਟਰਾਂ ਦੀ ਪੁੱਛਗਿੱਛ ਤੋਂ ਪੰਜਾਬ ਪੁਲਿਸ ਨੂੰ ਹੈਰਾਨੀਜਨਕ ਜਾਣਕਾਰੀ ਮਿਲੀ ਹੈ ਕਿ ਇਸ ਸਾਰੇ ਮਡਿਊਲ ਨੂੰ ਅਮਰੀਕਾ ਵਿੱਚ ਬੈਠਾ ਹਸਨਦੀਪ ਸਿੰਘ ਨਾਮ ਦਾ ਵਿਅਕਤੀ ਅਪਰੇਟ ਕਰ ਰਿਹਾ ਹੈ।
ਬਟਾਲਾ ਦੇ ਐਸਐਸਪੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਗੂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅਮਰੀਕਾ ਬੈਠੇ ਹਸਨਦੀਪ ਸਿੰਘ ਨੇ ਜੱਗੂ ਦੀ ਮਾਂ ਦੇ ਕਤਲ ਦਾ ਬਦਲਾ ਲੈਣ ਦੀ ਯੋਜਨਾ ਬਣਾਈ ਸੀ, ਜਿਸ ਨੇ ਫੜੇ ਗਏ ਦੋਸ਼ੀਆਂ ਨੂੰ ਹਥਿਆਰ ਪੈਸਾ ਅਤੇ ਸਾਧਨ ਮੁਹੱਈਆ ਕਰਵਾਏ ਪ੍ਰੰਤੂ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੁਲਿਸ ਦੀ ਮੁਸ਼ਤੈਦੀ ਦੇ ਕਾਰਨ ਇਹ ਸਾਰੇ ਫੜੇ ਗਏ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਵੇਂ ਜੱਗੂ ਵੱਲੋਂ ਆਪਣੀ ਮਾਂ ਦੇ ਕਤਲ ਦੀ ਇਹ ਯੋਜਨਾ ਫੇਲ੍ਹ ਹੋ ਗਈ ਪਰੰਤੂ ਉਹ ਅਜਿਹਾ ਦੁਬਾਰਾ ਕਰਨ ਦਾ ਯਤਨ ਕਰੇਗਾ ਅਤੇ ਇਹ ਭਰਾ ਮਾਰੂ ਜੰਗ ਵਿਗੜੇ ਹੋਏ ਪੰਜਾਬ ਦੇ ਹਾਲਾਤਾਂ ਨੂੰ ਹੋਰ ਵਿਗਾੜੇਗੀ। ਅਜਿਹੇ ਹਾਲਾਤਾਂ ਤੋਂ ਪੰਜਾਬ ਦੇ ਵਪਾਰੀਆਂ/ਕਾਰੋਬਾਰੀਆਂ ਦੀ ਚਿੰਤਾ ਵਧਣੀ ਸੁਭਾਵਿਕ ਹੈ ਕਿਉਂਕਿ ਗੈਂਗਸਟਰਾਂ ਨੂੰ ਹਥਿਆਰਾਂ ਅਤੇ ਆਪਣੀਆਂ ਗਤੀਵਿਧੀਆਂ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਅਤੇ ਪੈਸੇ ਦੀ ਪ੍ਰਾਪਤੀ ਲਈ ਗੈਂਗਸਟਰ ਕਾਰੋਬਾਰੀਆਂ ਤੇ ਵਪਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ।