“ਆਪ” ਦੇ ਸੂਬਾ ਪੱਧਰੀ ਚੇਅਰਮੈਨ ਵੱਲ ਸਿੱਧੀਆਂ ਹੋ ਰਹੀਆਂ ਨੇ ਉਗਲਾਂ
ਚੰਡੀਗੜ੍ਹ ,17 ਜੁਲਾਈ, Gee98 news service
ਪੰਜਾਬ ‘ਚੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਦੇ ਵਾਅਦੇ ਕਰਕੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜਭਾਗ ਦੌਰਾਨ ਵੀ ਕਰੋੜਾਂ ਦੇ ਘਪਲੇ ਸਾਹਮਣੇ ਆ ਰਹੇ ਹਨ ਅਤੇ ਇਹਨਾਂ ਘਪਲਿਆਂ ਵਿੱਚ “ਆਪ” ਦੇ ਵੱਡੇ ਆਗੂਆਂ ਦਾ ਨਾਮ ਬੋਲਦਾ ਹੈ। ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦੇ ਬਲਾਕ ਖਡੂਰ ਸਾਹਿਬ, ਚੋਹਲਾ ਸਾਹਿਬ, ਤਰਨਤਰਨ ਨਾਲ ਸੰਬੰਧਿਤ ਪਿੰਡਾਂ ਵਿੱਚ ਵੱਖ-ਵੱਖ ਵਿਕਾਸ ਕੰਮਾਂ ਲਈ ਆਈਆਂ 20 ਕਰੋੜ ਦੀਆਂ ਗ੍ਰਾਂਟਾਂ ਵਿੱਚੋਂ ਲੱਗਭੱਗ 18 ਕਰੋੜ ਦੀਆਂ ਗ੍ਰਾਂਟਾਂ ‘ਚ ਵਿੱਤੀ ਗੜਬੜੀਆਂ ਸਾਹਮਣੇ ਆਈਆਂ ਹਨ। ਜ਼ਿਲ੍ਹੇ ਦੇ ਪਿੰਡ ਲਾਲਪੁਰਾ ਦੇ ਵਸਨੀਕ ਜਸਪ੍ਰੀਤ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਜਦ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਇਸ ਵੱਡੇ ਘਪਲੇ ਦੀ ਪੜ੍ਹਤਾਲ ਸ਼ੁਰੂ ਕੀਤੀ ਤਾਂ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ। ਕਰੋੜਾਂ ਰੁਪਏ ਦੇ ਇਸ ਵੱਡੇ ਘਪਲੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਵਾਟਰ ਸੋਰਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਭਰਾ ਬਲਜੀਤ ਸਿੰਘ ਚੀਮਾ ਦੀ ਸ਼ਮੂਲੀਅਤ ਵੀ ਸਾਹਮਣੇ ਆ ਰਹੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਡਿਊਟੀ ਲੱਗਣ ਤੋਂ ਬਾਅਦ ਜ਼ਿਲ੍ਹੇ ਦੇ ਚੋਟੀ ਦੇ ਅਧਿਕਾਰੀਆਂ ਨੇ ਜਦ ਇਸ ਘਪਲੇ ਦੀ ਪੜ੍ਹਤਾਲ ਸ਼ੁਰੂ ਕੀਤੀ ਅਤੇ ਸਬੰਧਤ ਪੰਚਾਇਤ ਸਕੱਤਰਾਂ ਤੋਂ ਲਿਖ਼ਤੀ ਤੌਰ ‘ਤੇ ਚਿੱਠੀਆਂ ਕੱਢ ਕੇ ਰਿਕਾਰਡ ਪੇਸ਼ ਕਰਨ ਲਈ ਕਿਹਾ ਤਾਂ ਕਿਸੇ ਵੀ ਪੰਚਾਇਤ ਸਕੱਤਰ ਨੇ ਪੜ੍ਹਤਾਲੀਆ ਅਧਿਕਾਰੀਆਂ ਨੂੰ ਰਿਕਾਰਡ ਹੀ ਪੇਸ਼ ਨਹੀਂ ਕੀਤਾ। ਪੜ੍ਹਤਾਲੀਆ ਅਧਿਕਾਰੀਆਂ ਵੱਲੋਂ ਉਕਤ ਗਰਾਂਟ ਖਰਚਣ ਨਾਲ ਸਬੰਧਿਤ ਵੱਖੋ ਵੱਖ ਪਿੰਡਾਂ ‘ਚ ਤਾਇਨਾਤ ਰਹੇ 10 ਪੰਚਾਇਤ ਸਕੱਤਰਾਂ ਨੂੰ ਵਾਰ-ਵਾਰ ਚਿੱਠੀਆਂ ਕੱਢੀਆਂ ਕਿ ਰਿਕਾਰਡ ਪੇਸ਼ ਕੀਤਾ ਜਾਵੇ ਪ੍ਰੰਤੂ ਕਿਸੇ ਵੀ ਪੰਚਾਇਤ ਸਕੱਤਰ ਨੇ ਰਿਕਾਰਡ ਪੇਸ਼ ਨਹੀਂ ਕੀਤਾ ਜਿਸ ਤੋਂ ਬਾਅਦ ਪੜ੍ਹਤਾਲੀਆ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ “ਬਿਨਾਂ ਰਿਕਾਰਡ ਤੋਂ ਪੜ੍ਹਤਾਲ ਸੰਭਵ ਨਹੀਂ ਹੈ” ਦੀ ਟਿੱਪਣੀ ਸਹਿਤ ਅਧੂਰੀ ਪੜ੍ਹਤਾਲ ਰਿਪੋਰਟ ਸੌਂਪ ਦਿੱਤੀ।
ਹੁਣ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐਸ ਰਾਹਲ ਨੇ ਸੂਬੇ ਦੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਨੂੰ ਉਕਤ ਪੰਚਾਇਤ ਸਕੱਤਰਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਪੱਤਰ ਲਿਖਿਆ ਹੈ। ਦੱਸ ਦੇਈਏ ਕਿ ਇਹ ਵਿੱਤੀ ਗੜਬੜੀਆਂ ਉਸ ਵੇਲੇ ਹੋਈਆਂ ਜਦੋਂ ਪੰਚਾਇਤ ਚੋਣਾਂ ਤੋਂ ਪਹਿਲਾਂ ਪੰਚਾਇਤਾਂ ਭੰਗ ਕਰਕੇ ਪੰਚਾਇਤ ਸਕੱਤਰਾਂ ਅਤੇ ਵਿਭਾਗ ਦੇ ਹੋਰ ਅਫ਼ਸਰਾਂ ਨੂੰ ਪੰਚਾਇਤਾਂ ਦੇ ਪ੍ਰਬੰਧਕ ਲਗਾਇਆ ਗਿਆ ਸੀ। ਡਿਪਟੀ ਕਮਿਸ਼ਨਰ ਵੱਲੋਂ ਨਿਯੁਕਤ ਪੜ੍ਹਤਾਲੀਆ ਅਫ਼ਸਰਾਂ ਵੱਲੋਂ ਵਾਰ-ਵਾਰ ਮੰਗੇ ਜਾਣ ਦੇ ਬਾਵਜੂਦ ਰਿਕਾਰਡ ਨਾ ਪੇਸ਼ ਕਰਨ ਵਾਲੇ ਅਤੇ ਇਸ ਵੱਡੀ ਵਿੱਤੀ ਗੜਬੜੀ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਪੰਚਾਇਤ ਸਕੱਤਰਾਂ ਵਿੱਚ ਗੁਰਜਿੰਦਰ ਸਿੰਘ ਪੰਚਾਇਤ ਸਕੱਤਰ, ਹਰਦਿਆਲ ਸਿੰਘ ਪੰਚਾਇਤ ਸਕੱਤਰ ਹੁਣ ਬਲਾਕ ਵਲਟੋਹਾ, ਸ਼ਹਿਨਸ਼ਾਹ ਸਿੰਘ ਪੰਚਾਇਤ ਸਕੱਤਰ ਹੁਣ ਬਲਾਕ ਤਰਨਤਾਰਨ, ਜਸਪਾਲ ਸਿੰਘ ਪੰਚਾਇਤ ਸਕੱਤਰ, ਇਸੇ ਤਰ੍ਹਾਂ ਬਲਾਕ ਖਡੂਰ ਸਾਹਿਬ ਦੇ ਪੰਚਾਇਤ ਸਕੱਤਰ ਬਲਰਾਜ ਸਿੰਘ, ਤਰਨਤਰਨ ਬਲਾਕ ਦੇ ਪੰਚਾਇਤ ਸਕੱਤਰ ਅਮਰਜੀਤ ਸਿੰਘ ਹੁਣ ਬਲਾਕ ਜੰਡਿਆਲਾ, ਜਸਵਿੰਦਰ ਸਿੰਘ ਪੰਚਾਇਤ ਸਕੱਤਰ, ਸੁਸ਼ੀਲ ਕੁਮਾਰ ਪੰਚਾਇਤ ਸਕੱਤਰ, ਅਵਤਾਰ ਸਿੰਘ ਵੀਡੀਓ (ਸੇਵਾ ਮੁਕਤ) ਅਤੇ ਅਮਰਜੀਤ ਸਿੰਘ ਵੀਡੀਓ ਦੇ ਨਾਮ ਸ਼ਾਮਿਲ ਹਨ। ਇਹਨਾਂ ਪੰਚਾਇਤ ਸਕੱਤਰਾਂ ਨੇ 18 ਕਰੋੜ ਦੀ ਗਰਾਂਟ ਨਾਲ ਸੰਬੰਧਿਤ ਵਿੱਤੀ ਗੜਬੜੀਆਂ ਦੀ ਜਾਂਚ ਲਈ ਵਾਰ-ਵਾਰ ਮੰਗੇ ਜਾਣ ਦੇ ਬਾਵਜੂਦ ਰਿਕਾਰਡ ਹੀ ਪੇਸ਼ ਨਹੀਂ ਕੀਤਾ।
ਸਵਾਲ ਉੱਠਦੇ ਹਨ ਕਿ ਆਖ਼ਰ ਇਹਨਾਂ ਪੰਚਾਇਤ ਸਕੱਤਰਾਂ ਨੂੰ ਕਿਹੜੇ ਸੱਤਾਧਾਰੀ ਆਗੂ ਦਾ ਅਸ਼ੀਰਵਾਦ ਹੈ ਕਿ ਇਹਨਾਂ ਪੰਚਾਇਤ ਸਕੱਤਰਾਂ ਨੇ ਡੀਸੀ ਵੱਲੋਂ ਮੰਗੇ ਜਾਣ ਦੇ ਬਾਵਜੂਦ ਵੀ ਰਿਕਾਰਡ ਪੇਸ਼ ਨਹੀਂ ਕੀਤਾ ਜਿਸ ਤੋਂ ਬਾਅਦ ਡੀਸੀ ਨੇ ਵਿਭਾਗ ਦੇ ਪ੍ਰਬੰਧਕ ਸਕੱਤਰ ਨੂੰ ਇਹਨਾਂ ਪੰਚਾਇਤ ਸਕੱਤਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਪੱਤਰ ਲਿਖਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਆਪਣੇ ਆਪ ਵਿੱਚ ਹੀ ਅਥਾਰਟੀ ਹਨ ਕਿ ਉਹ ਇਹਨਾਂ ਪੰਚਾਇਤ ਸਕੱਤਰਾਂ ਦੇ ਖ਼ਿਲਾਫ਼ ਕਾਰਵਾਈ ਕਰ ਸਕਦੇ ਸਨ ਪ੍ਰੰਤੂ ਇਸ ਦੇ ਬਾਵਜੂਦ ਡਿਪਟੀ ਕਮਿਸ਼ਨਰ ਨੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਹਨਾਂ ਪੰਚਾਇਤ ਸਕੱਤਰਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਪੱਤਰ ਲਿਖਿਆ। ਮੰਨਿਆ ਜਾ ਰਿਹਾ ਹੈ ਕਿ ਕਰੋੜਾਂ ਰੁਪਏ ਦੀ ਇਸ ਵਿੱਤੀ ਗੜਬੜੀ ਵਿੱਚ ਇਕੱਲੇ ਪੰਚਾਇਤ ਸਕੱਤਰ ਹੀ ਸ਼ਾਮਿਲ ਨਹੀਂ ਹੋ ਸਕਦੇ। ਇਸ ਵੱਡੀ ਵਿੱਤੀ ਗੜਬੜੀ ਵਿੱਚ ਸੱਤਾਧਾਰੀ ਪਾਰਟੀ ਦੇ ਸੂਬਾ ਪੱਧਰੀ ਚੇਅਰਮੈਨ ਦੇ ਭਰਾ ਦਾ ਨਾਮ ਗੂੰਜਣ ਤੋਂ ਬਾਅਦ ਇਹ ਮਾਮਲਾ ਭਖਣ ਦੇ ਆਸਾਰ ਹਨ।