ਚੰਡੀਗੜ੍ਹ, 31 ਜੁਲਾਈ, Gee98 news service
ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਰਾਹੀਂ ਸਿੱਖਿਆ ਕ੍ਰਾਂਤੀ ‘ਤੇ ਹੁਣ ਤੱਕ ਕਰੋੜਾਂ ਰੁਪਏ ਖਰਚ ਕਰ ਦਿੱਤੇ ਹਨ, ਜਿਸ ਤਹਿਤ ਸਕੂਲਾਂ ਵਿੱਚ 2-3 ਸਾਲ ਪਹਿਲਾਂ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਅਤੇ ਵੱਡੇ ਵੱਡੇ ਸਮਾਗਮਾਂ ‘ਤੇ ਖਰਚਾ ਕੀਤਾ ਗਿਆ ਪ੍ਰੰਤੂ ਇਸ ਦੌਰਾਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਪੂਰੀ ਤਰ੍ਹਾਂ ਪੋਲ ਖੋਲ੍ਹ ਦਿੱਤੀ ਅਤੇ ਇਹ ਜ਼ਾਹਰ ਕਰ ਦਿੱਤਾ ਹੈ ਕਿ ਸਰਕਾਰ ਸਰਕਾਰੀ ਸਕੂਲਾਂ ਪ੍ਰਤੀ ਕਿੰਨੀ ਕੁ ਸੁਹਿਰਦ ਹੈ।
ਪਾਠਕਾਂ ਨੂੰ ਚੇਤੇ ਹੋਵੇਗਾ ਕਿ ਜ਼ਿਲ੍ਹਾ ਲੁਧਿਆਣਾ ਦੇ ਮੁੱਲਾਂਪੁਰ ਲਾਗੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਦੀ 2023 ਵਿੱਚ ਛੱਤ ਡਿੱਗਣ ਕਾਰਨ ਇੱਕ ਅਧਿਆਪਕਾ ਦੀ ਮੌਤ ਹੋ ਗਈ ਸੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ, ਸਕੂਲ ਆਫ ਐਮੀਨੈਂਸ, ਜਿਸਦੇ ਕਮਰੇ ਦੀ ਛੱਤ ਡਿੱਗਣ ਤੋਂ ਬਾਅਦ ਜਾਂਚ ਲਈ ਸਰਕਾਰ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਸਕੂਲ ਦੇ ਜਿਸ ਕਮਰੇ ਦੀ ਛੱਤ ਡਿੱਗੀ ਸੀ ਉਸ ਨੂੰ ਅਤੇ ਉਸਦੇ ਨਾਲ ਲੱਗਦੇ ਕੁਝ ਹੋਰ ਕਮਰਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਫਿਰ ਜੁਲਾਈ 2024 ‘ਚ ਦਿੱਤੀ ਗਈ ਜਾਂਚ ਰਿਪੋਰਟ ‘ਚ ਇਹ ਹਿੱਸਾ ਅਸੁਰੱਖਿਅਤ ਕਰਾਰ ਦਿੱਤਾ ਗਿਆ। ਇਸ ਤੋਂ ਬਾਅਦ ਇਸ ਸਕੂਲ ਦੇ 19 ਕਮਰੇ ਢਾਹੇ ਜਾ ਚੁੱਕੇ ਹਨ। ਹੁਣ ਸਕੂਲ ਦੇ ਸੁਰੱਖਿਅਤ 10 ਕਮਰਿਆਂ ‘ਚ ਸੀਨੀਅਰ ਸੈਕੰਡਰੀ ਦੀਆਂ ਕਲਾਸਾਂ ਲਗ ਰਹੀਆਂ ਹਨ, ਜਦਕਿ 5ਵੀਂ ਤੋਂ 8ਵੀਂ ਤੱਕ ਦੀਆਂ ਕਲਾਸਾਂ ਸਕੂਲ ਤੋਂ ਲਗਭਗ 1.5 ਕਿਲੋਮੀਟਰ ਦੂਰ ਇਕ ਪ੍ਰਾਇਮਰੀ ਸਕੂਲ ਦੇ ਕੈਂਪਸ ਵਿੱਚ ਲੱਗ ਰਹੀਆਂ ਹਨ। LKG ਤੋਂ 4ਵੀਂ ਤੱਕ ਦੇ ਬੱਚਿਆਂ ਦੀ ਪੜ੍ਹਾਈ ਨੇੜਲੇ ਗੁਰਦੁਆਰਾ ਸਾਹਿਬ ਦੇ ਇਕ ਹਾਲ ਵਿਚ ਕਰਵਾਈ ਜਾ ਰਹੀ ਹੈ। ਇਹ ਬੱਚੇ ਬੈਂਚਾਂ ਦੀ ਬਜਾਏ ਫਰਸ਼ ‘ਤੇ ਦਰੀਆਂ ‘ਤੇ ਬੈਠ ਕੇ ਪੜ੍ਹਦੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਗੁਰਦੁਆਰਾ ਸਾਹਿਬ ਲੱਗ ਰਹੀਆਂ ਕਲਾਸਾਂ ਦੇ ਬੱਚਿਆਂ ਨੂੰ ਵਾਸ਼ਰੂਮ ਵੀ ਦੂਜੀ ਗਲੀ ਵਿੱਚ ਜਾਣਾ ਪੈਂਦਾ ਹੈ। ਸਕੂਲ ਕੈਂਪਸ ਵੱਖਰਾ ਵੱਖਰਾ ਹੋਣ ਕਾਰਨ ਅਧਿਆਪਕਾਂ ਅਤੇ ਬੱਚਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ‘ਚ ਸਾਇੰਸ ਸਟਰੀਮ ਚੱਲ ਰਹੀ ਹੈ ਪਰ ਛੱਤ ਡਿੱਗਣ ਤੋਂ ਬਾਅਦ ਸਾਇੰਸ ਲੈਬ ਦੀ ਪੂਰੀ ਸੁਵਿਧਾ ਨਹੀਂ ਹੈ। ਸਕੂਲ ਦੇ ਪ੍ਰਿੰਸੀਪਲ ਵੱਲੋਂ ਇਹਨਾਂ ਮੁਸ਼ਕਲਾਂ ਸਬੰਧੀ ਅਤੇ ਸਕੂਲ ਦੀ ਨਵੀਂ ਇਮਾਰਤ ਦੇ ਨਿਰਮਾਣ ਸਬੰਧੀ ਫੰਡ ਦੇਣ ਲਈ ਕਈ ਵਾਰ ਲਿਖਿਆ ਜਾ ਚੁੱਕਿਆ ਹੈ ਪਰੰਤੂ ਸਿੱਖਿਆ ਕ੍ਰਾਂਤੀ ‘ਤੇ ਕਰੋੜਾਂ ਰੁਪਏ ਖਰਚ ਕਰਨ ਵਾਲੀ ਸਰਕਾਰ ਨੇ ਇਸ ਸਕੂਲ ਵੱਲ ਧਿਆਨ ਹੀ ਨਹੀਂ ਦਿੱਤਾ। ਬੱਦੋਵਾਲ ਦੇ ਇਸ ਸਕੂਲ ਪ੍ਰਤੀ ਸਰਕਾਰ ਦੀ ਲਾਪਰਵਾਹੀ ਇਹ ਦਰਸਾਉਂਦੀ ਹੈ ਕਿ ਸਰਕਾਰ ਨੇ ਸਿੱਖਿਆ ਕ੍ਰਾਂਤੀ ਮੁਹਿੰਮ ਆਪਣੀ ਫੋਕੀ ਵਾਹਵਾ ਖੱਟਣ ਲਈ ਹੀ ਸ਼ੁਰੂ ਕੀਤੀ ਸੀ, ਜਦ ਕਿ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ ਵੱਲ ਸਰਕਾਰ ਦਾ ਕੋਈ ਧਿਆਨ ਜਾਂ ਇਰਾਦਾ ਹੀ ਨਹੀਂ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਜਿਸ ਸਕੂਲ ਵਿੱਚ ਛੱਤ ਡਿੱਗਣ ਕਾਰਨ ਇੱਕ ਅਧਿਆਪਕਾ ਦੀ ਮੌਤ ਹੋ ਜਾਣ ਤੋਂ ਬਾਅਦ ਸਕੂਲ ਪੂਰੀ ਤਰ੍ਹਾਂ ਸੁਰਖੀਆਂ ਵਿੱਚ ਆਇਆ ਹੋਵੇ ਅਤੇ ਸਰਕਾਰ ਦੇ ਮਾਮਲਾ ਪੂਰੀ ਤਰ੍ਹਾਂ ਧਿਆਨ ਵਿੱਚ ਹੋਵੇ ਇਸਦੇ ਬਾਵਜੂਦ ਵੀ ਦੋ ਸਾਲ ਤੱਕ ਉਸ ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ਨੂੰ ਇਧਰੋਂ ਉਧਰੋਂ ਭਟਕਣਾ ਪਵੇ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਤਾਂ ਸਰਕਾਰ ਦੀ ਸਕੂਲਾਂ ਪ੍ਰਤੀ ਸੁਹਿਰਦਤਾ ਤਾਂ ਆਪਣੇ ਆਪ ਸਪੱਸ਼ਟ ਹੋ ਜਾਂਦੀ ਹੈ ਅਤੇ ਅਜਿਹੀ ਸਥਿਤੀ ਸਰਕਾਰ ਦੇ ਮੂੰਹ ‘ਤੇ ਕਰਾਰੀ ਚਪੇੜ ਵਾਂਗ ਹੈ, ਬਸ਼ਰਤੇ ਕਿ ਸਰਕਾਰ ਦਾ ਸਿੱਖਿਆ ਮੰਤਰੀ ਢੀਠ ਨਾ ਹੋਵੇ ਅਤੇ ਉਸਨੂੰ ਬੱਦੋਵਾਲ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੀਆਂ ਮੁਸ਼ਕਲਾਂ ਦਾ ਦਰਦ ਮਹਿਸੂਸ ਹੁੰਦਾ ਹੋਵੇ।










