ਬਰਨਾਲਾ,9 ਅਗਸਤ (ਨਿਰਮਲ ਸਿੰਘ ਪੰਡੋਰੀ)-
ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਪ੍ਰਬੰਧਕੀ ਬਲਾਕਾਂ ਦੇ ਪੁਨਰਗਠਨ ਦੀ ਪ੍ਰਕਿਰਿਆ ਤਹਿਤ ਬਰਨਾਲਾ ਜ਼ਿਲ੍ਹੇ ਦੇ ਬਲਾਕ ਮਹਿਲ ਕਲਾਂ ਦਾ ਵੀ ਪੁਨਰਗਠਨ ਕੀਤਾ ਗਿਆ ਹੈ। ਬਲਾਕ ਮਹਿਲ ਕਲਾਂ ਵਿੱਚ ਪਹਿਲਾਂ ਕੁੱਲ 38 ਪੰਚਾਇਤਾਂ ਸ਼ਾਮਿਲ ਸਨ ਅਤੇ ਹੁਣ ਨਵੇਂ ਮਹਿਲ ਕਲਾਂ ਬਲਾਕ ਵਿੱਚ ਕੁੱਲ 54 ਪੰਚਾਇਤਾਂ ਸ਼ਾਮਿਲ ਕੀਤੀਆਂ ਗਈਆਂ ਹਨ। ਮਹਿਲ ਕਲਾਂ ਬਲਾਕ ਵਿੱਚ ਕੁਝ ਪਿੰਡ ਸ਼ਹਿਣਾ ਬਲਾਕ ਦੇ ਅਤੇ ਕੁਝ ਸ਼ੇਰਪੁਰ ਬਲਾਕ ਦੇ ਜੋੜੇ ਗਏ ਹਨ, ਜਦ ਕਿ ਮਹਿਲ ਕਲਾਂ ਬਲਾਕ ਦੇ ਕੁਝ ਪਿੰਡ ਬਰਨਾਲਾ ਵਿੱਚ ਸ਼ਾਮਿਲ ਕੀਤੇ ਗਏ ਹਨ। ਮਹਿਲ ਕਲਾਂ ਬਲਾਕ ਵਿੱਚ ਨਵੇਂ ਸ਼ਾਮਿਲ ਕੀਤੇ ਗਏ ਪਿੰਡ ਠੀਕਰੀਵਾਲ, ਹਮੀਦੀ, ਗੁੰਮਟੀ, ਗੁਰਮ, ਠੁੱਲੀਵਾਲ, ਮਾਂਗੇਵਾਲ, ਮਨਾਲ, ਨਾਈਵਾਲਾ, ਟੱਲੇਵਾਲ, ਟੱਲੇਵਾਲ ਖੁਰਦ, ਚੂੰਘਾਂ, ਵਿਧਾਤੇ, ਕੈਰੇ, ਪੱਖੋਕੇ, ਮੱਲੀਆਂ, ਭੋਤਨਾ, ਚੀਮਾ, ਬਖਤਗੜ੍ਹ, ਬਾਹਮਣੀਆਂ, ਬੀਹਲਾ, ਬੀਹਲਾ ਖੁਰਦ, ਚੰਨਣਵਾਲ, ਛਾਪਾ, ਛੀਨੀਵਾਲ ਕਲਾਂ, ਛੀਨੀਵਾਲ ਖੁਰਦ, ਚੁਹਾਨਕੇ ਕਲਾਂ, ਚੁਹਾਨਕੇ ਖੁਰਦ, ਧਨੇਰ, ਦੀਵਾਨਾ, ਗਾਗੇਵਾਲ, ਗੰਗੋਹਰ, ਗਹਿਲ, ਹਰਦਾਸਪੁਰਾ, ਕਲਾਲਮਾਜਰਾ, ਕਲਾਲਾ, ਖਿਆਲੀ, ਕਿਰਪਾਲਸਿੰਘਵਾਲਾ, ਕੁਰੜ, ਕੁਤਬਾ, ਲੋਹਗੜ੍ਹ, ਮਹਿਲ ਕਲਾਂ, ਮਹਿਲ ਕਲਾਂ ਸੋਢੇ, ਮਹਿਲ ਖੁਰਦ, ਮੂੰਮ, ਨਰਾਇਣਗੜ੍ਹ ਸੋਹੀਆਂ, ਨਿਹਾਲੂਵਾਲ, ਪੰਡੋਰੀ, ਰਾਏਸਰ ਪਟਿਆਲਾ, ਰਾਏਸਰ ਪੰਜਾਬ, ਸੱਦੇਵਾਲ, ਸਹੌਰ, ਸਹਿਜੜਾ, ਵਜੀਦਕੇ ਕਲਾਂ, ਵਜੀਦਕੇ ਖੁਰਦ ਆਦਿ ਪਿੰਡਾਂ ਨੂੰ ਬਲਾਕ ਮਹਿਲ ਕਲਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਮਹਿਲ ਕਲਾਂ ਬਲਾਕ ਦੀ ਪੁਨਰਗਠਨ ਦੀ ਨਵੀਂ ਪ੍ਰਕਿਰਿਆ ਤੋਂ ਬਾਅਦ ਕੁਝ ਪਿੰਡਾਂ ਵਿੱਚ ਵਿਰੋਧ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਕਿਉਂਕਿ ਸ਼ਹਿਣਾ ਬਲਾਕ ਦੇ ਕੁਝ ਪਿੰਡ ਜਿਹੜੇ ਸ਼ਹਿਣਾ ਦੀ ਬਿਲਕੁਲ ਬੁੱਕਲ ਵਿੱਚ ਵੱਸਦੇ ਹਨ ਉਹਨਾਂ ਨੂੰ 35-40 ਕਿਲੋਮੀਟਰ ਦੀ ਦੂਰੀ ‘ਤੇ ਮਹਿਲ ਕਲਾਂ ਬਲਾਕ ਨਾਲ ਜੋੜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸ਼ੇਰਪੁਰ ਬਲਾਕ ਦੇ ਕੁਝ ਪਿੰਡ ਵੀ ਸ਼ੇਰਪੁਰ ਦੇ ਨਜ਼ਦੀਕ ਹਨ ਪ੍ਰੰਤੂ ਉਹ ਮਹਿਲ ਕਲਾਂ ਤੋਂ ਕਾਫ਼ੀ ਦੂਰ ਪੈਂਦੇ ਹਨ।
ਥੁੱਕ ਨਾਲ ਵੜੇਵੇਂ ਪਕਾ ਰਹੀ ਹੈ ‘ਆਪ’ ਸਰਕਾਰ
ਬਲਾਕਾਂ ਦੀ ਪ੍ਰਸ਼ਾਸਨਿਕ ਪੁਨਰਗਠਨ ਪ੍ਰਕਿਰਿਆ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਇਸ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਘੱਟਣ ਦੀ ਬਜਾਏ ਵਧਣ ਦੀ ਸੰਭਾਵਨਾ ਹੈ ਕਿਉਂਕਿ ਬਲਾਕ ਵਿੱਚ ਸਟਾਫ਼ ਦੀਆਂ ਅਸਾਮੀਆਂ ਪੂਰੀਆਂ ਕਰਨ ਤੋਂ ਪਹਿਲਾਂ ਹੀ ਸਰਕਾਰ ਨੇ ਬਲਾਕ ਦੇ ਪਿੰਡਾਂ ਦੀ ਗਿਣਤੀ ਵਧਾ ਦਿੱਤੀ ਹੈ। ਬਲਾਕ ਮਹਿਲ ਕਲਾਂ ਵਿੱਚ ਪਹਿਲਾਂ 38 ਪੰਚਾਇਤਾਂ ਸਨ ਅਤੇ ਇਸ ਵੇਲੇ ਉੱਥੇ ਪੰਜ ਪੰਚਾਇਤ ਸੈਕਟਰੀ ਕੰਮ ਕਰ ਰਹੇ ਹਨ ਜਦਕਿ ਹੁਣ ਕੁੱਲ 54 ਪੰਚਾਇਤਾਂ ਹੋ ਗਈਆਂ ਹਨ ਜਿਸਦੇ ਹਿਸਾਬ ਨਾਲ 12 ਤੋਂ 15 ਪੰਚਾਇਤ ਸਕੱਤਰਾਂ ਦੀਆਂ ਪੋਸਟਾਂ ਬਲਾਕ ਮਹਿਲ ਕਲਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਹਨ ਪ੍ਰੰਤੂ ਸਰਕਾਰ ਨੇ ਇਸ ਪੱਖ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਹੈ। ਹੁਣ 54 ਪੰਚਾਇਤਾਂ ਨੂੰ ਪਹਿਲਾਂ ਵਾਲੇ ਪੰਜ ਸੈਕਟਰੀ ਹੀ ਸੰਭਾਲਣਗੇ।
ਬੁਨਿਆਦੀ ਸਹੂਲਤਾਂ ਦੀ ਘਾਟ ਵੀ ਨਹੀਂ ਕੀਤੀ ਪੂਰੀ
ਇਸ ਤੋਂ ਇਲਾਵਾ ਬਲਾਕ ਮਹਿਲ ਕਲਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਅਹਿਮ ਪੋਸਟਾਂ ਹਨ ਜਿਹੜੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਭਰਨ ਤੋਂ ਪਹਿਲਾਂ ਹੀ ਸਰਕਾਰ ਨੇ ਬਲਾਕ ਦੇ ਪਿੰਡਾਂ ਦੀ ਗਿਣਤੀ ਵਧਾ ਦਿੱਤੀ ਹੈ। ਬਲਾਕ ਮਹਿਲ ਕਲਾਂ ਦੀ ਇਮਾਰਤ ਵਿੱਚ ਲੋਕਾਂ ਦੇ ਬੈਠਣ ਲਈ ਵੀ ਠੀਕ ਢੰਗ ਦੇ ਪ੍ਰਬੰਧ ਨਹੀਂ ਹਨ। ਬਲਾਕ ਦੀਆਂ ਅਲਮਾਰੀਆਂ,ਕੁਰਸੀਆਂ, ਟੇਬਲ ਅਤੇ ਹੋਰ ਸਮਾਨ ਰੱਖਣ ਲਈ ਕਮਰਿਆਂ ਦੀ ਘਾਟ ਦੇ ਚੱਲਦਿਆਂ ਵੱਡੇ ਮੀਟਿੰਗ ਹਾਲ ਨੂੰ ਹੀ ਸਮਾਨ ਰੱਖਣ ਲਈ ਵਰਤਿਆ ਜਾ ਰਿਹਾ ਹੈ। ਮਹਿਲ ਕਲਾਂ ਬਲਾਕ ਦੀ ਸਾਰੀ ਇਮਾਰਤ ਹੀ ਖਸਤਾ ਹਾਲਤ ਹੈ। ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਬੁਨਿਆਦੀ ਸਹੂਲਤਾਂ ਹਨ ਜਿਨਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਜਿਨਾਂ ਨੂੰ ਪੂਰਾ ਕੀਤੇ ਬਿਨਾਂ ਹੀ ਬਲਾਕ ਦੇ ਪਿੰਡਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਜਿਸ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਵਧਣ ਦੀ ਸੰਭਾਵਨਾ ਹੈ।
ਫੋਟੋ ਕੈਪਸ਼ਨ-ਬਲਾਕ ਮਹਿਲ ਕਲਾਂ ਦੀ ਖਸਤਾ ਹਾਲਤ ਇਮਾਰਤ ਦੀ ਤਸਵੀਰ










