Gee 98News

ਵੱਡੀ ਖ਼ਬਰ….ਪਰਮਿੰਦਰ ਸਿੰਘ ਭੰਗੂ ਚੇਅਰਮੈਨੀ ਤੋਂ ਦੇਣਗੇ ਅਸਤੀਫ਼ਾ

ਬਰਨਾਲਾ ,9 ਅਗਸਤ (ਨਿਰਮਲ ਸਿੰਘ ਪੰਡੋਰੀ)-

ਬਰਨਾਲਾ ‘ਚ ਆਮ ਆਦਮੀ ਪਾਰਟੀ ਦੇ ਕੁਝ ਵੱਡੇ ਆਗੂਆਂ ਨੂੰ ਕਈ ਕਈ ਪਾਰਟੀ ਅਤੇ ਸੰਵਿਧਾਨਿਕ ਅਹੁਦੇ ਦਿੱਤੇ ਜਾਣ ਤੋਂ ਬਾਅਦ ਦੂਜੇ ਪਾਰਟੀ ਆਗੂਆਂ ਵਿੱਚ ਨਿਰਾਸ਼ਤਾ ਦਾ ਆਲਮ ਹੈ। ‌ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ 10 ਦੇ ਕਰੀਬ ਬਲਾਕ ਪ੍ਰਧਾਨਾਂ ਵੱਲੋਂ ‌ ਕੀਤੀ ਮੀਟਿੰਗ ਤੋਂ ਇਸ ਦੇ ਸਪੱਸ਼ਟ ਸੰਕੇਤ ਵੀ ਮਿਲਦੇ ਹਨ ਅਤੇ ਆਉਣ ਵਾਲੇ ਸਮੇਂ ‘ਚ ਇਹ ਅੱਗ ਹੋਰ ਵੀ ਭੜਕ ਸਕਦੀ ਹੈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਦਿਨ ਹੀ ਪਰਮਿੰਦਰ ਸਿੰਘ ਭੰਗੂ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ,ਜਿਹੜੇ ਕਿ ਪਹਿਲਾਂ ਹੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ, ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਪਾਰਟੀ ਦੇ ਸੂਬਾਈ ਆਗੂ ਵੀ ਹਨ। ਇਸ ਦੌਰਾਨ ਇਹ ਵੀ ਚਰਚਾ ਸਾਹਮਣੇ ਆਈ ਹੈ ਕਿ ਪਰਮਿੰਦਰ ਸਿੰਘ ਭੰਗੂ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਮਿੰਦਰ ਸਿੰਘ ਭੰਗੂ ਨੇ ਕਿਹਾ ਕਿ ਪਾਰਟੀ ਨੇ ਸਮੁੱਚੇ ਪੰਜਾਬ ‘ਚ ਜ਼ਿਲ੍ਹਾ ਪ੍ਰਧਾਨਾਂ ਨੂੰ ਹੀ ਯੋਜਨਾ ਕਮੇਟੀ ਦਾ ਚੇਅਰਮੈਨ ਬਣਾਇਆ ਹੈ ਉਹਨਾਂ ਕਿਹਾ ਕਿ ਜਦੋਂ ਯੋਜਨਾ ਕਮੇਟੀ ਦੇ ਚੇਅਰਮੈਨ ਦਾ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਤਾਂ ਉਹ ਮਾਰਕੀਟ ਕਮੇਟੀ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇ ਦੇਣਗੇ ਅਤੇ ਇਹ ਅਹੁਦਾ ਕਿਸੇ ਹੋਰ ਪਾਰਟੀ ਵਰਕਰ ਨੂੰ ਦਿੱਤਾ ਜਾਵੇਗਾ। ਪਰਮਿੰਦਰ ਸਿੰਘ ਭੰਗੂ ਦਾ ਇਹ ਤਾਜ਼ਾ ਬਿਆਨ ਬਰਨਾਲਾ ਜ਼ਿਲ੍ਹੇ ‘ਚ ਪਾਰਟੀ ਵਰਕਰਾਂ ‘ਚ ਸੁਲਗ ਰਹੀ ਬਗਾਵਤ ਦੀ ਚਿੰਗਾਰੀ ਨੂੰ ਠੰਡਾ ਕਰਨ ਵਜੋਂ ਵੇਖਿਆ ਜਾ ਰਿਹਾ ਹੈ ਪਰ ਇਸ ਦਾ ਅਸਰ ਕਿੰਨਾ ਕੁ ਹੋਵੇਗਾ, ਇਹ ਆਉਣ ਵਾਲੇ ਸਮੇਂ ‘ਚ ਹੀ ਪਤਾ ਲੱਗੇਗਾ।

error: Content is protected !!