ਬਰਨਾਲਾ,2 ਸਤੰਬਰ, (ਨਿਰਮਲ ਸਿੰਘ ਪੰਡੋਰੀ)-
–ਪੰਜਾਬ ‘ਚ ਹੜਾਂ ਦੇ ਪਾਣੀ ਦੀ ਮਾਰ ਦੇ ਕਾਰਨ ਘਰਾਂ ਤੋਂ ਬੇਘਰ ਹੋਏ ਲੋਕਾਂ ਦੀ ਮਦਦ ਲਈ ਰਾਹਤ ਕਾਰਜਾਂ ਵਿੱਚ ਵੱਡਾ ਯੋਗਦਾਨ ਪਾਉਂਦੇ ਹੋਏ ਪੰਜਾਬ ਦੇ ਵੱਡੇ ਉਦਯੋਗਿਕ ਅਦਾਰੇ ਟਰਾਈਡੈਂਟ ਨੇ 4 ਲੱਖ ਰੁਪਏ ਦੀ ਰਕਮ ਦਾ ਚੈੱਕ ਬਰਨਾਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੂੰ ਸੌਂਪਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਸੀਐਚਆਰਓ ਪੂਜਾ ਲੂਥਰਾ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਦੀ ਰਹਿਨੁਮਾਈ ਹੇਠ ਟਰਾਈਡੈਂਟ ਵੱਲੋਂ ਹਮੇਸ਼ਾ ਬਿਪਤਾ ਦੇ ਸਮੇਂ ਲੋੜਵੰਦ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਇਹਨਾਂ ਦਿਨਾਂ ਦੌਰਾਨ ਕੁਦਰਤੀ ਕਰੋਪੀ ਦੀ ਮਾਰ ਹੇਠ ਹੈ ਇਸ ਲਈ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪੀੜਿਤ ਲੋਕਾਂ ਦੀ ਮਦਦ ਲਈ ਅੱਗੇ ਆਇਆ ਜਾਵੇ ਅਤੇ ਟਰਾਈਡੈਂਟ ਨੇ ਆਪਣਾ ਇਹ ਫਰਜ਼ ਹਰ ਵਾਰ ਦੀ ਤਰ੍ਹਾਂ ਪਹਿਚਾਣਿਆ ਹੈ। ਉਹਨਾਂ ਟਰਾਈਡੈਂਟ ਗਰੁੱਪ ਦੀ ਵਚਨਬੱਧਤਾ ਨੂੰ ਦਹਰਾਉਂਦੇ ਹੋਏ ਕਿਹਾ ਕਿ ਕੰਪਨੀ ਹਮੇਸ਼ਾ ਲੋੜਵੰਦ ਲੋਕਾਂ ਦੇ ਨਾਲ ਖੜੀ ਰਹੇਗੀ। ਉਹਨਾਂ ਕਿਹਾ ਕਿ ਟਰਾਈਡੈਂਟ ਗਰੁੱਪ ਨੇ ਹਮੇਸ਼ਾ ਆਪਣੀ ਕਾਰਪੋਰੇਟ ਜ਼ਿੰਮੇਵਾਰੀ ਦੇ ਨਾਲ ਨਾਲ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਪਹਿਚਾਣਿਆ ਹੈ। ਉਹਨਾਂ ਕਿਹਾ ਕਿ ਪੰਜਾਬ ‘ਚ ਹੜ ਪੀੜਤਾਂ ਦੀ ਮਦਦ ਸਮੇਤ ਹੋਰ ਲੋੜਵੰਦ ਲੋਕਾਂ ਦੀ ਮਦਦ ਦੀ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸ੍ਰੀ ਰੁਪਿੰਦਰ ਗੁਪਤਾ ਤੇ ਸ੍ਰੀ ਪਵਨ ਸਿੰਗਲਾ ਦਾ ਵੀ ਹਮੇਸ਼ਾ ਯੋਗਦਾਨ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਟਰਾਈਡੈਂਟ ਗਰੁੱਪ ਦੀ ਤਰ੍ਹਾਂ ਹੋਰ ਅਦਾਰਿਆਂ ਨੂੰ ਵੀ ਹੜ੍ਹ ਪੀੜ੍ਹਤ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।










