Skip to main content

Gee 98News

ਪਿੰਡ ਸੰਧੂ ਕਲਾਂ ਨੇੜੇ ਲੰਘਦੀ ਬੰਦ ਪਈ ਡਰੇਨ ਕਾਰਨ ਘਰਾਂ ਤੇ ਫਸਲਾਂ ਦਾ ਹੋਇਆ ਨੁਕਸਾਨ

ਬਰਨਾਲਾ,3 ਸਤੰਬਰ, (ਨਿਰਮਲ ਸਿੰਘ ਪੰਡੋਰੀ)-

ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਜਿੱਥੇ ਵੱਡੇ ਪੱਧਰ ਤੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਉੱਥੇ ਹੀ ਸਰਕਾਰਾਂ ਵੱਲੋਂ ਮੀਹ ਦੇ ਸੀਜ਼ਨ ਤੋਂ ਪਹਿਲਾਂ ਕੀਤੇ ਜਾਂਦੇ ਅਗੇਤਰੇ ਪ੍ਰਬੰਧਾਂ ਦੀ ਪੋਲ ਵੀ ਖੁੱਲਦੀ ਜਾ ਰਹੀ ਹੈ। ਅਜਿਹਾ ਇੱਕ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਧੂ ਕੰਨਾਂ ਤੋਂ ਸਾਹਮਣੇ ਆਇਆ ਜਿੱਥੇ ਕਾਫੀ ਲੰਮੇ ਸਮੇਂ ਤੋਂ ਬੰਦ ਪਈ ਡਰੇਨ ਕਾਰਨ ਜਿੱਥੇ ਲੋਕਾਂ ਦੀ ਕਈ ਏਕੜ ਫਸਲ ਖਰਾਬ ਹੋ ਗਈ ਉੱਥੇ ਘਰਾਂ ਵਿੱਚ ਵੀ ਪਾਣੀ ਵੜ ਗਿਆ। ‌ਪਿੰਡ ਦੀ ਇਸ ਸਮੱਸਿਆ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲਣ ਆਏ ਪਿੰਡ ਸੰਧੂ ਕਲਾਂ ਦੇ ਵਾਸੀਆਂ ਨੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਸਬੰਧੀ ਗੱਲਬਾਤ ਕਰਦੇ ਹੋਏ‌ ਸਰਪੰਚ ਹਰਪ੍ਰੀਤ ਸਿੰਘ ਅਤੇ ਪਿੰਡ ਵਾਸੀ ਸੁਖਦੇਵ ਸਿੰਘ ਨਿੱਕਾ ਸੰਧੂ ਕਲਾਂ ਨੇ ਦੱਸਿਆ ਕਿ ਪਿੰਡ ਸੰਧੂ ਕਲਾਂ ’ਚੋਂ ਦੀ ਜੋ ਡਰੇਨ ਲੰਘਦੀ ਹੈ,ਉਹ ਕਾਫ਼ੀ ਸਮੇਂ ਤੋਂ ਬੰਦ ਪਈ ਹੈ। ਪਿੰਡ ਦੇ ਕਈ ਲੋਕਾਂ ਨੇ ਡਰੇਨ ਦਾ ਰਸਤਾ ਬੰਦ ਕਰ ਦਿੱਤਾ ਹੈ। ਹੁਣ ਮੀਂਹ ਦੇ ਮੌਸਮ ’ਚ ਡਰੇਨ ਬੰਦ ਹੋਣ ਕਾਰਨ ਪਿੰਡ ਵਾਸੀਆ ਨੂੰ ਕਾਫ਼ੀ ਜਿਆਦਾ ਪ੍ਰੇਸ਼ਾਨੀ ਆ ਰਹੀ ਹੈ।

                        ਪਿੰਡ ਦੇ ਕਿਸਾਨਾਂ ਦੀ 500 ਏਕੜ ਦੇ ਕਰੀਬ ਫ਼ਸਲ ਪਾਣੀ ’ਚ ਡੁੱਬ ਚੁੱਕੀ ਹੈ ਤੇ ਹਰੇ ਚਾਰੇ ਦਾ ਵੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ’ਚ ਦਾਖਲ ਹੋ ਗਿਆ ਹੈ ਜਿਸ ਕਾਰਨ ਪਿੰਡ ’ਚ ਕਈ ਘਰ ਨੁਕਸਾਨੇ ਗਏ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਡਰੇਨ ਦੀ ਸਫ਼ਾਈ ਨੂੰ ਲੈ ਕੇ ਪਿਛਲੇ 10 ਸਾਲਾਂ ਤੋਂ ਲਗਾਤਾਰ ਪ੍ਰਸਾਸ਼ਨਿਕ ਤੇ ਰਾਜਨੀਤਿਕ ਆਗੂਆਂ ਦੇ ਤਰਲੇ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਡਰੇਨ ਦੀ ਜਲਦ ਤੋਂ ਜਲਦ ਸਫ਼ਾਈ ਕਰਵਾਈ ਜਾਵੇ ਤਾਂ ਜੋ ਫਸਲਾਂ ਦਾ ਅਤੇ ਪਿੰਡ ਦਾ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਪੰਚ ਰਾਮਪ੍ਰੀਤ ਸਿੰਘ, ਲਖਬੀਰ ਸਿੰਘ, ਬਲਵੀਰ ਸਿੰਘ, ਕੇਵਲ ਸਿੰਘ, ਸੁਰਿੰਦਰ ਪਾਲ ਲੱਕੀ, ਕੁਲਦੀਪ ਕੁਮਾਰ, ਜਗਸੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Gee98 Ads
error: Content is protected !!