ਚੰਡੀਗੜ੍ਹ,5 ਸਤੰਬਰ, Gee98 News service
–ਇੱਕ ਪਾਸੇ ਪੰਜਾਬ ਸਰਕਾਰ ਸੂਬੇ ‘ਚ ਆਏ ਹੜਾਂ ਲਈ ਬੀਬੀਐਮਬੀ ਦੇ ਮਾੜੇ ਪ੍ਰਬੰਧਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਦੂਜੇ ਪਾਸੇ ਬੀਬੀਐਮਬੀ ਦੇ ਚੇਅਰਮੈਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ “ਜੇਕਰ ਇਹ ਡੈਮ ਨਾ ਹੁੰਦੇ ਤਾਂ ਪੰਜਾਬ ‘ਚ ਜੂਨ ਮਹੀਨੇ ਵਿੱਚ ਹੀ ਹੜ੍ਹ ਆ ਚੁੱਕਿਆ ਹੁੰਦਾ”। ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਕਿਹਾ ਕਿ ਡੈਮਾਂ ਤੋਂ ਪਾਣੀ ਛੱਡਣ ਦੀ ਪ੍ਰਕਿਰਿਆ 6 ਅਗਸਤ ਤੋਂ ਹੀ ਜਾਰੀ ਹੈ ਤਾਂ ਜੋ ਸਥਿਤੀ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ। ਪੰਜਾਬ ‘ਚ ਆਏ ਹੜਾਂ ਸਬੰਧੀ ਵੀ ਅਹਿਮ ਖੁਲਾਸੇ ਕਰਦੇ ਹੋਏ ਚੇਅਰਮੈਨ ਤ੍ਰਿਪਾਠੀ ਨੇ ਦਾਅਵਾ ਕੀਤਾ ਕਿ ਇਸ ਸਾਲ ਡੈਮਾਂ ਵਿੱਚ 1988 ਦੇ ਭਿਆਨਕ ਹੜਾਂ ਤੋਂ ਵੀ ਵੱਧ ਪਾਣੀ ਆਇਆ ਅਤੇ ਬਿਆਸ ਦਰਿਆ ਵਿੱਚ ਪਾਣੀ ਦੀ ਆਮਦ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਚੇਅਰਮੈਨ ਮਨੋਜ ਤ੍ਰਿਪਾਠੀ ਨੇ ਦੱਸਿਆ ਕਿ ਇਸ ਮੌਨਸੂਨ ਸੀਜ਼ਨ ਵਿੱਚ ਡੈਮਾਂ ਵਿੱਚ 11.7 ਬਿਲੀਅਨ ਕਿਊਬਿਕ ਮੀਟਰ ਪਾਣੀ ਆਇਆ ਜੋ ਕਿ ਇੱਕ ਇਤਿਹਾਸਿਕ ਰਿਕਾਰਡ ਹੈ। ਉਹਨਾਂ ਕਿਹਾ ਕਿ ਇਸ ਵਾਰ 1988 ਤੋਂ ਵੱਧ ਪਾਣੀ ਹੈ ਅਤੇ ਇਸ ਵਾਰ 2023 ਤੋਂ ਵੀ 20 ਫੀਸਦੀ ਵੱਧ ਪਾਣੀ ਆਇਆ ਹੈ। ਬਿਆਸ ਦਰਿਆ ਵਿੱਚ ਪਾਣੀ ਦਾ ਵਹਾਅ 65000 ਕਿਊਸਿਕ ਨੂੰ ਪਾਰ ਕਰ ਗਿਆ ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਚੇਅਰਮੈਨ ਤ੍ਰਿਪਾਠੀ ਨੇ ਦੱਸਿਆ ਕਿ ਪੌਂਗ ਡੈਮ ਵਿੱਚ ਪਾਣੀ ਦੀ ਆਮਦ ਬਹੁਤ ਜ਼ਿਆਦਾ ਹੈ ਜਿਸ ਨਾਲ ਡੈਮ ‘ਤੇ ਭਾਰੀ ਦਬਾਅ ਬਣਿਆ ਹੋਇਆ ਹੈ। ਚੇਅਰਮੈਨ ਨੇ ਇਹ ਵੀ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਭਾਖੜਾ ਡੈਮ ‘ਤੇ ਪਾਣੀ ਦਾ ਪ੍ਰਵਾਹ ਥੋੜ੍ਹਾ ਘੱਟ ਗਿਆ ਹੈ ਪ੍ਰੰਤੂ ਪੌਂਗ ਡੈਮ ‘ਤੇ ਪਾਣੀ ਦਾ ਦਬਾਅ ਅਜੇ ਵੀ ਵੱਧ ਹੈ। ਉਹਨਾਂ ਦੱਸਿਆ ਕਿ ਭਾਖੜਾ ਦਾ ਜਲ ਪੱਧਰ 1680 ਫੁੱਟ ਤੋਂ ਉੱਪਰ ਨਹੀਂ ਜਾਣ ਦਿੱਤਾ ਜਾ ਸਕਦਾ ਜੋ ਕਿ ਉਸ ਦੀ ਵੱਧ ਤੋਂ ਵੱਧ ਸਮਰੱਥਾ ਹੈ। ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੀ ਇਹ ਪ੍ਰੈਸ ਕਾਨਫਰੰਸ ਉਸ ਵੇਲੇ ਹੋਈ ਜਦੋਂ ਪੰਜਾਬ ਸਰਕਾਰ ਅਤੇ ਕੁਝ ਮਾਹਿਰ ਪੰਜਾਬ ‘ਚ ਹੜਾਂ ਲਈ ਬੀਬੀਐਮਬੀ ਦੇ ਮਾੜੇ ਪ੍ਰਬੰਧਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਤਾਂ ਬੀਬੀਐਮਬੀ ਨੇ ਇਹਨਾਂ ਅੰਕੜਿਆਂ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਥਿਤੀ ਉਹਨਾਂ ਦੀਆਂ ਉਮੀਦਾਂ ਤੋਂ ਕਿਤੇ ਵੱਧ ਗੰਭੀਰ ਸੀ ਅਤੇ ਉਨਾਂ ਨੇ ਹੁਣ ਤੱਕ ਵਧੀਆ ਤਰੀਕੇ ਨਾਲ ਇਸ ਸਥਿਤੀ ਨੂੰ ਸੰਭਾਲਿਆ ਹੈ। ਬੀਬੀਐਮਬੀ ਦੇ ਚੇਅਰਮੈਨ ਨੇ ਆਪਣੇ ਦਾਅਵਿਆਂ ਨਾਲ ਭਾਵੇਂ ਪੰਜਾਬ ਸਰਕਾਰ ਦੇ ਦੋਸ਼ਾਂ ਤੋਂ ਸੁਰਖ਼ਰੂ ਹੋਣ ਦਾ ਯਤਨ ਕੀਤਾ ਪ੍ਰੰਤੂ ਹੁਣ ਦੇਖਣਾ ਹੋਵੇਗਾ ਕਿ ਬੀਬੀਐਮਬੀ ਦੇ ਚੇਅਰਮੈਨ ਦੇ ਇਹਨਾਂ ਖੁਲਾਸਿਆਂ ‘ਤੇ ਪੰਜਾਬ ਸਰਕਾਰ ਕੀ ਪ੍ਰਤੀਕਿਰਿਆ ਕਰਦੀ ਹੈ।










