ਚੰਡੀਗੜ੍ਹ,6 ਸਤੰਬਰ, Gee98 news service
–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜਿਆਦਾ ਵਿਗੜਨ ਕਰਕੇ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ। ਇਸ ਦੌਰਾਨ ਨੇ ਮੁੱਖ ਮੰਤਰੀ ਦੀ ਸਿਹਤ ਸਬੰਧੀ ਵੱਖ ਵੱਖ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਅਤੇ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਦੀ ਸਿਹਤ ਸਬੰਧੀ ਕੁਝ ਨੈਗੇਟਿਵ ਪ੍ਰਚਾਰ ਵੀ ਸਾਹਮਣੇ ਆ ਰਿਹਾ ਹੈ। ਦੂਜੇ ਪਾਸੇ ਮੁੱਖ ਮੰਤਰੀ ਦੇ ਇਲਾਜ ਲਈ ਗਠਤ ਕੀਤੇ ਡਾਕਟਰਾਂ ਦੇ ਪੈਨਲ ਦੀ ਨਿਗਰਾਨੀ ਹੇਠ ਹਨ। ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਦੀ ਨਬਜ਼ ਦੀ ਦਰ ਵਿੱਚ ਸੁਧਾਰ ਹੋਇਆ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਹਸਪਤਾਲ ਪ੍ਰਸ਼ਾਸਨ ਮੁਤਾਬਕ ਮੁੱਖ ਮੰਤਰੀ ਨੂੰ ਹੌਲੀ ਧੜਕਣ ਅਤੇ ਕਮਜ਼ੋਰੀ ਦੀ ਸ਼ਿਕਾਇਤ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਦੀ ਟੀਮ ਨੇ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਿਗਰਾਨੀ ਲਈ ਦਾਖ਼ਲ ਕਰਨ ਦੀ ਸਲਾਹ ਦਿੱਤੀ। ਚਰਚਾ ਇਹ ਵੀ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਗਰ ਦੀ ਸਮੱਸਿਆ ਤੋਂ ਪੀੜ੍ਹਤ ਹਨ। ਜਾਣਕਾਰੀ ਅਨੁਸਾਰ ਭਗਵੰਤ ਮਾਨ ਪਿਛਲੇ ਦੋ ਦਿਨਾਂ ਤੋਂ ਬਿਮਾਰ ਸਨ। ਦੱਸ ਦੇਈਏ ਕਿ ਪਿਛਲੇ ਸਾਲ ਸਤੰਬਰ 2024 ਵਿੱਚ ਵੀ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ ਇਸੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਸਮੇਂ, ਇੱਕ ਰੁਟੀਨ ਚੈਕਅੱਪ ਦੌਰਾਨ ਉਨ੍ਹਾਂ ਦੇ ਫੇਫੜਿਆਂ ਦੀ ਧਮਣੀ ਵਿੱਚ ਸੋਜ ਦਾ ਪਤਾ ਲੱਗਿਆ ਸੀ, ਜਿਸ ਨਾਲ ਦਿਲ ‘ਤੇ ਦਬਾਅ ਵੱਧ ਰਿਹਾ ਸੀ ਅਤੇ ਬਲੱਡ ਪ੍ਰੈਸ਼ਰ ਅਸਥਿਰ ਹੋ ਗਿਆ ਸੀ ਅਤੇ ਬਾਅਦ ਵਿੱਚ ਡਾਕਟਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਲੈਪਟੋਸਪਾਇਰੋਸਿਸ ਨਾਮ ਦੀ ਬੈਕਟੀਰੀਆ ਦੀ ਲਾਗ ਹੋ ਗਈ ਸੀ। ਇਹ ਬਿਮਾਰੀ ਮੀਂਹ ਅਤੇ ਗੰਦੇ ਪਾਣੀ ਦੇ ਸੰਪਰਕ ਰਾਹੀਂ ਫੈਲਦੀ ਹੈ ਅਤੇ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਸ ਸਮੇਂ ਲਗਾਤਾਰ ਦੇਖਭਾਲ ਅਤੇ ਦਵਾਈਆਂ ਨਾਲ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਸੀ ਅਤੇ ਤਿੰਨ ਦਿਨਾਂ ਬਾਅਦ 29 ਸਤੰਬਰ 2024 ਨੂੰ, ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੀ ਸਿਹਤ ਵਿਗੜਨ ਕਰਕੇ ਸ਼ੁੱਕਰਵਾਰ ਸ਼ਾਮ ਨੂੰ ਹੋਣ ਵਾਲੀ ਪੰਜਾਬ ਕੈਬਨਟ ਦੀ ਮੀਟਿੰਗ ਵੀ ਰੱਦ ਕਰ ਦਿੱਤੀ ਗਈ ਸੀ।










